20 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸੋਨੂੰ ਗ੍ਰਿਫਤਾਰ
Sunday, Oct 08, 2017 - 05:58 AM (IST)
ਜਲੰਧਰ, (ਪ੍ਰੀਤ, ਸੁਧੀਰ)— ਪਿਛਲੇ ਲਗਭਗ ਇਕ ਦਹਾਕੇ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਖਤਰਨਾਕ ਸਮੱਗਲਰ ਸੋਨੂੰ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਸਮੱਗਲਰ ਸੋਨੂੰ ਤੋਂ ਪੁਲਸ ਟੀਮ ਨੇ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਥਾਣਾ ਨੰਬਰ 1 ਦੇ ਇੰਸਪੈਕਟਰ ਨਵਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਰਣਜੀਤ ਸਿੰਘ ਨੇ ਭਗਤ ਸਿੰਘ ਕਾਲੋਨੀ ਦੇ ਨੇੜੇ ਨਾਕਾਬੰਦੀ ਦੌਰਾਨ ਅਰਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਅਮਨ ਨਗਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਸੋਨੂੰ ਦੇ ਖਿਲਾਫ ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿਚ ਸਾਲ 2012 ਤੋਂ ਲੈ ਕੇ ਹੁਣ ਤਕ ਸ਼ਰਾਬ ਸਮੱਗਲਿੰਗ ਦੇ ਹੀ 13 ਕੇਸ ਦਰਜ ਹਨ। ਦੋਸ਼ੀ ਨੂੰ ਥਾਣਾ ਨਵੀਂ ਬਾਰਾਂਦਰੀ ਦੇ ਇਕ ਕੇਸ ਵਿਚ ਅਦਾਲਤ ਵਲੋਂ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ।
15 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 2 ਸਮੱਗਲਰ ਕਾਬੂ
ਏ. ਡੀ. ਸੀ. ਪੀ. ਕੁਲਵੰਤ ਹੀਰ ਨੇ ਦੱਸਿਆ ਕਿ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਸੂਰਾਨੁੱਸੀ ਚੌਕ ਦੇ ਨੇੜੇ ਨਾਜਾਇਜ਼ ਢੰਗ ਨਾਲ ਸ਼ਰਾਬ ਲਿਜਾ ਰਿਹਾ ਹਰਪ੍ਰੀਤ ਉਰਫ ਹੈਪੀ ਪੁੱਤਰ ਦਲਬੀਰ ਸਿੰਘ ਵਾਸੀ ਨਿਊ ਪੈਰਾਡਾਈਜ਼ ਕਾਲੋਨੀ ਲੰਮਾ ਪਿੰਡ, ਪਵਨ ਕਾਲੀਆ ਪੁੱਤਰ ਦੀਪਕ ਕਾਲੀਆ ਵਾਸੀ ਅਮਨ ਨਗਰ ਜਲੰਧਰ ਨੂੰ ਗ੍ਰਿਫਤਾਰ ਕਰ ਕੇ 15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ।
