ਵਿਆਹੁਤਾ ਦੀ ਮੌਤ ਦੇ ਮਾਮਲੇ ''ਚ ਸਹੁਰਾ ਗ੍ਰਿਫ਼ਤਾਰ, ਪਤੀ ਫ਼ਰਾਰ
Tuesday, Jun 10, 2025 - 03:59 PM (IST)
 
            
            ਬਠਿੰਡਾ (ਸੁਖਵਿੰਦਰ) : ਥਾਣਾ ਨੰਦਗੜ੍ਹ ਨੇ ਇੱਕ ਵਿਆਹੁਤਾ ਔਰਤ ਦੀ ਮੌਤ ਦੇ ਮਾਮਲੇ 'ਚ ਉਸ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਕੇ ਸਹੁਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਵਾਸੀ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਨੰਦਗੜ੍ਹ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਕਿਰਨਦੀਪ ਕੌਰ (31) ਦਾ ਵਿਆਹ ਮਨਪ੍ਰੀਤ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਬੰਬੀਹਾ ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਭੈਣ ਦੇ ਕੋਈ ਬੱਚਾ ਨਹੀਂ ਹੋਇਆ, ਜਿਸ ਕਾਰਨ ਕੁੱਝ ਤਣਾਅ ਸੀ। 8 ਜੂਨ ਨੂੰ ਮਨਪ੍ਰੀਤ ਸਿੰਘ ਦੇ ਚਾਚੇ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਕਿਰਨਦੀਪ ਕੌਰ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਗਿੱਦੜਬਾਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਤੱਕ ਉਹ ਮੌਕੇ 'ਤੇ ਪਹੁੰਚਿਆ, ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਗਾਇਆ ਕਿ ਬੱਚਾ ਨਾ ਹੋਣ ਕਾਰਨ ਉਸ ਦੀ ਭੈਣ ਨੂੰ ਉਸ ਦੇ ਪਤੀ ਮਨਪ੍ਰੀਤ ਸਿੰਘ ਅਤੇ ਸਹੁਰੇ ਬਲਕਰਨ ਸਿੰਘ ਨੇ ਤਸੀਹੇ ਦਿੱਤੇ ਅਤੇ ਉਪਰੋਕਤ ਲੋਕਾਂ ਨੇ ਉਸ ਨੂੰ ਮਾਰ ਦਿੱਤਾ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਪਿਤਾ-ਪੁੱਤਰ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਬਲਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮ੍ਰਿਤਕਾ ਦੇ ਪਤੀ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            