ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਰੁਣ ਚੁੱਘ ਨੇ CM ਮਾਨ ਤੇ ਪੰਜਾਬ ਪੁਲਸ ਨੂੰ ਕੀਤੇ 10 ਸਵਾਲ
Friday, May 06, 2022 - 06:42 PM (IST)
ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਸ਼ੁੱਕਰਵਾਰ ਸਵੇਰੇ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਅਗਵਾ ਕਰਨ ਦੀ ਕਾਰਵਾਈ ਅਤਿ ਨਿੰਦਣਯੋਗ ਅਤੇ ਗੈਰ-ਸੰਵਿਧਾਨਿਕ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਇਹ ਰਵੱਈਆ ਸੰਵਿਧਾਨ ’ਚ ਮਿਲੀ ‘ਪ੍ਰਗਟਾਵੇ ਦੀ ਆਜ਼ਾਦੀ’ ’ਤੇ ਵੱਡਾ ਹਮਲਾ ਹੈ। ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਪੁਲਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ, ਇਹ ਦੇਸ਼ ਦੇ ਸੰਘੀ ਢਾਂਚੇ ਨੂੰ ਸੱਟ ਮਾਰਨ ਵਾਲਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਤਜਿੰਦਰ ਬੱਗਾ ਨੂੰ ਪਟਕਾ ਅਤੇ ਦਸਤਾਰ ਪਹਿਨਣ ਦੀ ਵੀ ਇਜਾਜ਼ਤ ਨਹੀਂ ਦਿੱਤੀ, ਇਹ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਸੰਵਿਧਾਨ ਵੱਲੋਂ ਦਿੱਤੇ ਧਾਰਮਿਕ ਅਧਿਕਾਰਾਂ ਨੂੰ ਲਤਾੜ ਰਹੀ ਹੈ। ਪੰਜਾਬ ਪੁਲਸ ਨੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਦਿੱਲੀ ਵਿਚ ਆਪਣੇ ਸਿਆਸੀ ਵਿਰੋਧੀਆਂ ਨਾਲ ਹਿਸਾਬ ਚੁਕਾਉਣ ਲੲੀ ਪੰਜਾਬ ਪੁਲਸ ਦੀ ਖੁੱਲ੍ਹੇਆਮ ਦੁਰਵਰਤੋਂ ਕਰ ਰਹੇ ਹਨ। ਚੁੱਘ ਨੇ ਕਿਹਾ ਕਿ ਇਹ ਕੇਜਰੀਵਾਲ ਦਾ ਅਪਰਾਧਿਕ ਕੰਮ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਠਪੁਤਲੀ ਦੀ ਭੂਮਿਕਾ ਨਿਭਾ ਰਹੇ ਹਨ। ‘ਆਪ’ ਸਰਕਾਰ ਵੱਲੋਂ ਕੀਤੇ ਗਏ ਚੋਣ ਵਾਅਦਿਆਂ ’ਤੇ ਧਿਆਨ ਦੇਣ ਦੀ ਬਜਾਏ ਕੇਜਰੀਵਾਲ ਅਤੇ ਮਾਨ ਦੋਵੇਂ ਪੰਜਾਬ ’ਚ ‘ਆਪ’ ਸਰਕਾਰ ਦੀ ਨਿਰਾਸ਼ਾਜਨਕ ਅਸਫਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸ਼ਰਮਨਾਕ ਕਾਰਵਾਈਆਂ ਦਾ ਸਹਾਰਾ ਲੈ ਰਹੇ ਹਨ। ਚੁੱਘ ਨੇ ਕਿਹਾ ਕਿ ਆਪਣੇ ਘਰ ਸੌਂ ਰਹੇ ਇਕ ਵਿਅਕਤੀ ਨੂੰ ਅਗਵਾ ਕਰਨ ਲਈ 50 ਪੁਲਸ ਮੁਲਾਜ਼ਮਾਂ ਨੂੰ ਭੇਜਣਾ ਭਗਵੰਤ ਮਾਨ ਸਰਕਾਰ ਦਾ ਸ਼ਰਮਨਾਕ ਕੰਮ ਹੈ। ਭਗਵੰਤ ਮਾਨ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਆਪਣੇ ਸਿਆਸੀ ਆਕਾ ਨੂੰ ਖੁਸ਼ ਕੀਤਾ ਜਾ ਸਕੇ।
ਤਜਿੰਦਰ ਪਾਲ ਸਿੰਘ ਬੱਗਾ ਦੇ ਅਗਵਾ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਸ ਨੂੰ ਤਰੁਣ ਚੁੱਘ ਦੇ 10 ਸਵਾਲ :
1. ਸਵਾਲ : ਤਜਿੰਦਰ ਪਾਲ ਸਿੰਘ ਬੱਗਾ ਦਾ ਅਪਰਾਧ ਕੀ ਹੈ?
ਅਜਿਹਾ ਕਿਹੜਾ ਗੰਭੀਰ ਅਪਰਾਧ ਹੈ ਕਿ 50 ਹਥਿਆਰਬੰਦ ਪੰਜਾਬ ਪੁਲਸ ਦੇ ਜਵਾਨਾਂ ਨੇ ਬੱਗਾ ਦਾ ਅਣਮਨੁੱਖੀ ਤਰੀਕੇ ਨਾਲ ਅਗਵਾ ਕੀਤਾ?
2. ਸਵਾਲ : ਕੀ ਕੇਜਰੀਵਾਲ ਸਰਕਾਰ ਖ਼ਿਲਾਫ਼ ਬੋਲਣਾ ਅਪਰਾਧ ਹੈ?
ਕੀ ਹੁਣ ਦੇਸ਼ ਵਿਚ ‘ਪ੍ਰਗਟਾਵੇ ਦੀ ਆਜ਼ਾਦੀ’ ਖ਼ਤਮ ਹੋ ਗਈ ਹੈ।
ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਮਾਰ ਵਿਸ਼ਵਾਸ ਦਾ ਟਵੀਟ, CM ਮਾਨ ’ਤੇ ਲਾਇਆ ਨਿਸ਼ਾਨਾ
3. ਸਵਾਲ : ਪੰਜਾਬ ਪੁਲਸ ਨੇ ਆਈ. ਪੀ. ਸੀ./ਸੀ. ਆਰ. ਪੀ. ਸੀ. ਦੇ ਤਹਿਤ ਦਿੱਲੀ ਪੁਲਸ ਥਾਣੇ ਨੂੰ ਸੂਚਿਤ ਕਿਉਂ ਨਹੀਂ ਕੀਤਾ?
4. ਸਵਾਲ : ਪੰਜਾਬ ਪੁਲਸ ਦਾ ਅਜਿਹਾ ਵਤੀਰਾ
1. ਕੀ ਅਪਰਾਧਿਕ ਨਹੀਂ ਹੈ?
2. ਕੀ ਗ਼ੈਰ-ਕਾਨੂੰਨੀ ਨਹੀਂ ਹੈ?
3. ਕੀ ਇਹ ਗੈਰ-ਜ਼ਿੰਮੇਵਾਰਾਨਾ ਨਹੀਂ ਹੈ?
5. ਸਵਾਲ : ਕੀ ਕੇਜਰੀਵਾਲ ਨੇ ਦੇਸ਼ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਠੇਕਾ ਲਿਆ ਹੋਇਆ ਹੈ?
ਦੇਸ਼ ਭਰ ਦੇ ਅਖੌਤੀ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਮਸੀਹਾ ਹੁਣ ਚੁੱਪ ਕਿਉਂ ਹਨ?
06 ਸਵਾਲ :
1. ਕੁਮਾਰ ਵਿਸ਼ਵਾਸ ਦਾ
2. ਨਵੀਨ ਜਿੰਦਲ ਦਾ
3. ਅਲਕਾ ਲਾਂਬਾ ਦਾ
4. ਤਜਿੰਦਰ ਸਿੰਘ ਬੱਗਾ ਦਾ
5. ਪ੍ਰੀਤੀ ਗਾਂਧੀ ਦਾ
ਕੀ ਕਸੂਰ ਹੈ, ਕੇਜਰੀਵਾਲ ਸਰਕਾਰ ਖ਼ਿਲਾਫ਼ ਆਪਣੀ ਗੱਲ ਰੱਖਣਾ?
ਕੀ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਬੋਲਣਾ ਦੇਸ਼ ਦੀ ਆਈ. ਪੀ. ਸੀ. ’ਚ ਨਵਾਂ ‘ਅਪਰਾਧ’ ਹੋ ਗਿਆ ਹੈ?
7. ਸਵਾਲ : ਤਜਿੰਦਰ ਪਾਲ ਸਿੰਘ ਬੱਗਾ ਨੇ ਸਿਆਸੀ ਬਿਆਨ ਦਿੱਤਾ ਸੀ ਕਿ ‘ਕੇਜਰੀਵਾਲ ਨੂੰ ਚੈਨ ਨਾਲ ਨਹੀਂ ਸੌਣ ਦੇਵਾਂਗੇ।’
ਕੀ ਇਹ ਅਜਿਹਾ ਗੁਨਾਹ ਹੈ ਕਿ ਤਜਿੰਦਰ ਬੱਗਾ ’ਤੇ
153-ਏ-ਦੰਗਾ ਕਰਵਾਉਣ ਦੀ ਧਾਰਾ
506-ਜਾਨੋਂ ਮਾਰਨ ਦੀ ਧਮਕੀ ਦੀ ਧਾਰਾ
505-ਭੜਕਾਊ ਭਾਸ਼ਣ ਦੇਣ ਦੀ ਧਾਰਾ ਲਗਾ ਦਿੱਤੀ ਗਈ।
8. ਸਵਾਲ : ਅੰਮ੍ਰਿਤਸਰ ’ਚ ਡਰੱਗਜ਼ ਮਾਫ਼ੀਆ ’ਤੇ ਝੂਠ ਬੋਲਣ ’ਤੇ ਕੇਜਰੀਵਾਲ ਖ਼ੁਦ ਅਦਾਲਤ ’ਚ ਲਿਖਤੀ ਮੁਆਫ਼ੀ ਮੰਗ ਚੁੱਕੇ ਹਨ।
9. ਸਵਾਲ : ਇਸੇ ਤਰ੍ਹਾਂ ਦੇ ਝੂਠੇ ਪਰਚੇ ਕੁਮਾਰ ਵਿਸ਼ਵਾਸ ਅਤੇ ਨਵੀਨ ਜਿੰਦਲ ’ਤੇ ਦਰਜ ਕਰਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਪੰਜਾਬ ਸਰਕਾਰ ਤੇ ਪੁਲਸ ਨੂੰ ਫਿਟਕਾਰ ਲਾ ਚੁੱਕਾ ਹੈ। ਅਦਾਲਤ ਦੇ ਫ਼ੈਸਲੇ ਦੀ ਕਾਪੀ ਨੰ. CRM-M-17450-2022 CRM-M-16003-2022 ਨਾਲ ਨੱਥੀ ਹੈ।
10. ਸਵਾਲ : ਪੰਜਾਬ ਦੀ ਬਹਾਦਰ ਪੰਜਾਬ ਪੁਲਸ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਸਿਆਸੀ ਨਫ਼ਰਤ ਨੂੰ ਦਬਾਉਣ ਦੇ ਟੂਲਜ਼ ਵਜੋਂ ਵਰਤ ਰਹੇ ਹਨ, ਜਦਕਿ ਪੰਜਾਬ ਵਿਚ :
1. ਲੱਗਭਗ ਹਰ ਰੋਜ਼ 2 ਲੋਕਾਂ ਦੇ ਕਤਲ ਹੋ ਰਹੇ ਹਨ।
2. ਗੈਂਗਸਟਰ ਵਧ ਰਹੇ ਹਨ ਅਤੇ ਅਪਰਾਧੀ ਵਾਰਦਾਤਾਂ ਨੂੰ ਜੇਲ੍ਹ ਅਤੇ ਜੇਲ੍ਹ ’ਚੋਂ ਬਾਹਰ ਕਰ ਰਹੇ ਹਨ।
3. 50 ਦਿਨਾਂ ਦੀ ਸਰਕਾਰ ’ਚ ਡਰੱਗ ਮਾਫ਼ੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।
4. ਕੇਜਰੀਵਾਲ ਦੇ ਆਸ਼ੀਰਵਾਦ ਨਾਲ ਭਗਵੰਤ ਮਾਨ ਦੀ 50 ਦਿਨਾਂ ਦੀ ਪੰਜਾਬ ਸਰਕਾਰ ’ਚ ਪੰਜਾਬ ’ਚ ਮੰਦਰ ’ਤੇ ਹੋਏ ਹਮਲਾ ਅਤੇ ਭਾਈਚਾਰੇ ਲੜਾਈ ਦੇਖਣ ਦੀ ਨੌਬਤ ਆ ਗਈ ਹੈ।
5. 50 ਦਿਨਾਂ ਦੀ ਕਾਰਗੁਜ਼ਾਰੀ ਜ਼ੀਰੋ ਅਤੇ ਸਿਰਫ਼ ‘ਬਦਲਾ ਤੇ ਬਦਲੀ ’ਚ ਰੁੱਝੀ ਹੈ ਭਗਵੰਤ ਮਾਨ ਸਰਕਾਰ’