20 ਲੱਖ ਦੀ ਨਕਦੀ ਸਣੇ 2 ਕਾਬੂ
Saturday, Aug 25, 2018 - 05:54 AM (IST)

ਖੰਨਾ, (ਸੁਖਵਿੰਦਰ ਕੌਰ)-ਪੁਲਸ ਖੰਨਾ ਵੱਲੋਂ ਜੀ. ਟੀ. ਰੋਡ ਸਥਿਤ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਰ ਸਵਾਰ 2 ਵਿਅਕਤੀਆਂ ਕੋਲੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਅੱਜ ਇੱਥੇ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਗੱਲਬਾਤ ਕਰਦਿਆਂ ਦੱਸਿਆ ਐੱਸ. ਪੀ. (ਆਈ.) ਜਸਵੀਰ ਸਿੰਘ, ਡੀ. ਐੱਸ. ਪੀ. (ਆਈ.) ਖੰਨਾ ਜਗਵਿੰਦਰ ਸਿੰਘ ਚੀਮਾ ਅਤੇ ਨਾਰਕੋਟਿਕ ਸੈੱਲ ਖੰਨਾ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਜੀ. ਟੀ. ਰੋਡ ਅਲੌਡ਼ ਵਿਖੇ ਪ੍ਰਿੰਸਟੀਨ ਮਾਲ ਦੇ ਸਾਹਮਣੇ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੰਡੀ ਗੋਬਿੰਦਗਡ਼੍ਹ ਸਾਈਡ ਤੋਂ ਆਈ ਇਕ ਕਾਰ ’ਚ ਸਵਾਰ 2 ਵਿਅਕਤੀਅਾਂ ਤੋਂ 20 ਲੱਖ ਦੀ ਰਾਸ਼ੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਹਾਰਨਪੁਰ (ਯੂ. ਪੀ.) ਤੋਂ ਆ ਰਹੇ ਹਨ ਅਤੇ ਉਨ੍ਹਾਂ ਨੇ ਲੁਧਿਆਣਾ ਵਿਖੇ ਜਾਣਾ ਹੈ, ਉਨ੍ਹਾਂ ਕੋਲੋਂ ਬਰਾਮਦ ਰਕਮ ਬਾਰੇ ਪੁੱਛਣ ’ਤੇ ਉਕਤ ਵਿਅਕਤੀਆਂ ਵੱਲੋਂ ਕੋਈ ਪੁਖਤਾ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਕੇ ਮੌਕੇ ’ਤੇ ਬੁਲਾਇਆ ਗਿਆ ਅਤੇ ਉਕਤ ਵਿਅਕਤੀਆਂ ਨੂੰ ਸਮੇਤ ਰਕਮ ਅਗਲੀ ਕਾਰਵਾਈ ਲਈ ਇਨਕਮ ਟੈਕਸ ਵਿਭਾਗ ਦੀ ਜਾਂਚ ਟੀਮ ਹਵਾਲੇ ਕੀਤਾ ਗਿਆ ਹੈ। ਇਸ ਮੌਕੇ ਸੀ. ਆਈ. ਏ. ਸਟਾਫ ਖੰਨਾ ਦੇ ਇੰਚਾਰਜ ਇੰਸ. ਬਲਜਿੰਦਰ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ, ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਮਹਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਸੁਖਜੀਤ ਸਿੰਘ, ਪੀ. ਐੱਚ. ਜੀ. ਗਿਆਨ ਸਿੰਘ ਅਤੇ ਪੀ. ਐੱਚ. ਜੀ. ਜੁਝਾਰ ਸਿੰਘ ਆਦਿ ਵੀ ਹਾਜ਼ਰ ਸਨ।