ਐਂਟੀ ਨਾਰਕੋਟਿਕਸ ਡਰੱਗ ਸੈੱਲ ਦਾ ਇੰਚਾਰਜ ਗ੍ਰਿਫਤਾਰ

Monday, Aug 13, 2018 - 12:26 AM (IST)

ਐਂਟੀ ਨਾਰਕੋਟਿਕਸ ਡਰੱਗ ਸੈੱਲ ਦਾ ਇੰਚਾਰਜ ਗ੍ਰਿਫਤਾਰ

ਮੋਗਾ, (ਅਾਜ਼ਾਦ)-ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ  ਮੋਗਾ ਦੇ ਐਂਟੀ ਨਾਰਕੋਟਿਕਸ ਐਂਡ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੂੰ ਇਕ ਵਿਧਵਾ ਔਰਤ ਦੇ ਇਕ ਲੱਖ 44 ਹਜ਼ਾਰ 800 ਰੁਪਏ ਹਡ਼ੱਪਣ ਦੇ ਮਾਮਲੇ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ  ਖਿਲਾਫ ਥਾਣਾ ਸਿਟੀ ਮੋਗਾ ਵਿਚ  ਮਾਮਲਾ ਦਰਜ ਕਰਨ ਦੇ ਬਾਅਦ ਅੱਜ ਉਸ ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ  ਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। 
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਇਸ ਦੀ ਜਾਂਚ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਨੂੰ ਕਰਨ ਦਾ ਹੁਕਮ ਦਿੱਤਾ,  ਜਿਨ੍ਹਾਂ  ਥਾਣੇਦਾਰ ਕ੍ਰਿਸ਼ਨ ਕੁਮਾਰ ਦੇ  ਇਲਾਵਾ ਛਾਪੇਮਾਰੀ ਦੌਰਾਨ ਮੌਜੂਦਾ ਹੌਲਦਾਰ ਜਸਵੰਤ ਸਿੰਘ ਅਤੇ ਚਾਲਕ ਸਰਬਜੀਤ ਸਿੰਘ ਨੂੰ ਜਾਂਚ ਵਿਚ ਸ਼ਾਮਲ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।  ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੰਸਪੈਕਟਰ ਰਮੇਸ਼ਪਾਲ ਸਿੰਘ ਖਿਲਾਫ ਭ੍ਰਿਸ਼ਟਾਚਾਰ ਐਕਟ  ਤਹਿਤ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। 
ਕੀ ਹੈ ਸਾਰਾ ਮਾਮਲਾ
ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਡਰੱਗ ਸੈੱਲ ਮੋਗਾ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਨੇ ਬੀਤੀ 7 ਅਗਸਤ ਨੂੰ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਵਿਧਵਾ ਅੌਰਤ ਸੁਨੀਤਾ ਰਾਣੀ ਨਿਵਾਸੀ ਵਿਸ਼ਵਕਰਮਾ ਨਗਰ ਨੇਡ਼ੇ ਰਤਨ ਸਿਨੇਮਾ ਹਾਲ ਅਾਬਾਦ ਕੱਚਾ ਦੁਸਾਂਝ ਰੋਡ ਮੋਗਾ ਨੂੰ ਸ਼ੱਕ ਦੇ ਅਾਧਾਰ ’ਤੇ ਗ੍ਰਿਫਤਾਰ ਕਰ ਕੇ ਉਸ ਕੋਲੋਂ ਪੰਜ ਕਿਲੋ ਚੂੁਰਾ-ਪੋਸਤ ਦੇ ਇਲਾਵਾ 1500 ਰੁਪਏ ਬਰਾਮਦ ਕੀਤੇ ਸਨ।  ਉਨ੍ਹਾਂ ਇਸ ਦੀ ਜਾਣਕਾਰੀ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਰਮੇਸ਼ਪਾਲ ਸਿੰਘ ਨੂੰ ਦਿੱਤੀ, ਜੋ ਉਥੇ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਕਥਿਤ ਦੋਸ਼ੀ ਅੌਰਤ ਦੇ ਘਰ ਦੀ ਤਲਾਸ਼ੀ ਲਈ, ਜਿਥੋਂ 2 ਲੱਖ 43 ਹਜ਼ਾਰ 600 ਰੁਪਏ ਦੀ ਨਕਦੀ ਦੇ ਇਲਾਵਾ ਸੋਨੇ ਦੇ ਗਹਿਣੇ ਬਰਾਮਦ ਹੋਏ। ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਸੋਨੇ ਦੇ ਗਹਿਣਿਆਂ ਦੇ ਇਲਾਵਾ ਬਰਾਮਦ ਹੋਏ ਪੈਸਿਆਂ ’ਚੋਂ 97 ਹਜ਼ਾਰ 300 ਰੁਪਏ ਸੁਨੀਤਾ ਰਾਣੀ ਦੇ ਬੇਟੇ ਅਤੇ ਬੇਟੀ ਨੂੰ ਸੌਂਪ ਦਿੱਤੇ, ਜਦਕਿ ਬਾਕੀ 1 ਲੱਖ 44 ਹਜ਼ਾਰ  800 ਰੁਪਏ ਉਸ ਨੇ ਆਪਣੇ ਕੋਲ ਰੱਖ ਲਏ। ਇਸ ਤਰ੍ਹਾਂ ਉਸ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕੀਤਾ। ਕਥਿਤ ਦੋਸ਼ੀ ਅੌਰਤ  ਖਿਲਾਫ ਥਾਣਾ ਸਿਟੀ ਮੋਗਾ ਵਿਚ ਐੱਨ.ਡੀ.ਪੀ.ਐੱਸ. ਐਕਟ  ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News