ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਬਲੈਕਮੇਲ ਕਰਨ ਵਾਲਾ ਕਾਬੂ
Saturday, Jul 28, 2018 - 12:40 AM (IST)
ਮੰਡੀ ਗੋਬਿੰਦਗਡ਼੍ਹ(ਮੱਗੋ)- ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੇ ਇਕ ਅਜਿਹੇ ਸ਼ਾਤਰ ਦਿਮਾਗ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਮੌਜੂਦਾ ਕੌਂਸਲਰ ਦੀ ਨਕਲੀ ਮੋਹਰ, ਫਰਜ਼ੀ ਪੰਚਾਇਤੀ ਫੈਸਲਾ ਤੇ ਫਰਜ਼ੀ ਮੁਆਫੀਨਾਮਾ ਤਿਆਰ ਕਰ ਕੇ ਧੋੋਖਾਧਡ਼ੀ ਦੀ ਨੀਅਤ ਨਾਲ ਜਾਅਲੀ ਤੌਰ ’ਤੇ ਦਸਤਖਤ ਕਰ ਕੇ ਮੌਜੂਦਾ ਕੌਂਸਲਰ ਨੂੰ ਬਲੈਕਮੇਲ ਕਰਨਾ ਚਾਹੁੰਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਰਾਜੂ ਪੁੱਤਰ ਧਨੀ ਰਾਮ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗਡ਼੍ਹ, ਕੌਂਸਲਰ ਵਾਰਡ ਨੰ. 25 ਨੇ ਮਿਤੀ 1/2/2018 ਨੂੰ ਇਕ ਦਰਖਾਸਤ ਮਾਣਯੋਗ ਐੱਸ. ਐੱਸ. ਪੀ. ਫਤਿਹਗਡ਼੍ਹ ਸਾਹਿਬ ਨੂੰ ਸਤਪਾਲ ਸਿੰਘ ਪੁੱਤਰ ਅਮਰੀਕ ਸਿੰਘ ਮਕਾਨ ਨੰ. 352, ਸੈਕਟਰ 9ਬੀ, ਮੁੱਹਲਾ ਰਾਮ ਨਗਰ ਮੰਡੀ ਗੋਬਿੰਦਗਡ਼੍ਹ ਖਿਲਾਫ ਜਾਅਲੀ ਪੰਚਾਇਤੀਨਾਮਾ ਤੇ ਜਾਅਲੀ ਮੁਆਫੀਨਾਮਾ ਤਿਆਰ ਕਰਨ ਸਬੰਧੀ ਦਿੰਦੇ ਹੋਏ ਦੱਸਿਆ ਸੀ ਕਿ ਸਤਪਾਲ ਸਿੰਘ ਵਾਰਡ ਮੁੱਹਲਾ ਵਾਸੀਆਂ ਨੂੰ ਗੁੰਮਰਾਹ ਕਰ ਕੇ ਝੂਠ ਬੋਲ ਕੇ ਲੋਕਾਂ ਤੋਂ ਮਾਰਚ 2016 ’ਚ ਨੀਲੇ ਕਾਰਡ ਬਣਾਉਣ ਸਬੰਧੀ 20-20 ਰੁਪਏ ਇੱਕਠੇ ਕਰ ਰਿਹਾ ਸੀ ਤਾਂ ਪਤਾ ਲੱਗਣ ’ਤੇ ਸਤਪਾਲ ਸਿੰਘ ਨੂੰ ਕਿਹਾ ਕਿ ਮਾਨਯੋਗ ਪੰਜਾਬ ਸਰਕਾਰ ਵਲੋਂ ਕੋਈ ਹੁਕਮ ਨਹੀਂ ਹੋਇਆ ਤਾਂ ਉਹ ਕਿਉਂ ਲੋਕਾਂ ਕੋਲੋਂ ਪੈਸੇ ਇੱਕਠੇ ਕਰ ਰਿਹਾ ਹੈ, ਜਦੋ ਉਸ ਨੇ ਇਸ ਨੂੰ ਰੋਕਿਆ ਤਾਂ ਉਸ ਨੇ ਉਸ ਖਿਲਾਫ ਜਾਤੀ ਪ੍ਰਤੀ ਅਪਸ਼ਬਦਾਂ ਸਬੰਧੀ ਦਰਖਾਸਤ ਦੇ ਦਿਤੀ, ਜਿਸ ਦੀ ਪਡ਼ਤਾਲ ਡੀ. ਐੱਸ. ਪੀ. ਅਮਲੋਹ ਨੇ ਕੀਤੀ ਜੋ ਕਿ ਝੂਠੀ ਪਾਈ ਗਈ, ਫਿਰ ਸਤਪਾਲ ਸਿੰਘ ਨੇ ਇਕ ਦਰਖਾਸਤ 11/05/2016 ਨੂੰ ਡਾਇਰੈਕਟਰ ਕਮਿਸ਼ਨ ਆਫ ਸ਼ਡਿਊਲ ਕਾਸਟ ਦੇ ਪਾਈ, ਜੋ ਕਿ ਪਡ਼ਤਾਲ ਦੌਰਾਨ ਝੂਠੀ ਪਾਈ ਗਈ। ਇਸ ਖਿਲਾਫ ਉਸ ਨੇ ਸਤਪਾਲ ਸਿੰਘ ਦੇ ਖਿਲਾਫ ਝੂਠੀਆਂ ਦਰਖਾਸਤਾਂ ਨੂੰ ਲੈ ਕੇ ਮਾਣਯੋਗ ਅਦਾਲਤ ਅਮਲੋਹ ’ਚ ਮੁਆਵਜ਼ੇ ਦਾ ਕੇਸ ਦਾਇਰ ਕੀਤਾ। ਕੌਂਸਲਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਬਿਨਾਂ ਵਜ੍ਹਾ ਉਸ ਖਿਲਾਫ ਕਦੇ ਉਸ ਦੀ ਫਰਮ ਖਿਲਾਫ ਦਰਖਾਸਤਾਂ ਦੇ ਕੇ ਤੰਗ-ਪ੍ਰੇਸ਼ਾਨ ਕਰਦਾ ਹੈ ਜਦੋਂ ਕਿ ਇਸ ਵੱਲੋਂ ਦਿੱਤੀਆਂ ਸਭ ਦਰਖਾਸਤਾਂ ਝੂਠੀਆਂ ਪਾਈਆਂ ਗਈਆਂ ਹਨ, ਜੋ ਕਿ ਉਸ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦਾ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕੇਸ ਅਦਾਲਤਾਂ ’ਚ ਚਲ ਰਹੇ ਹਨ, ਜਿਸ ਕਰ ਕੇ ਉਸ ਦਾ ਤੇ ਸਤਪਾਲ ਸਿੰਘ ਦਾ ਨਾ ਕਦੇ ਰਾਜੀਨਾਮਾ ਹੋਇਆ ਹੈ ਅਤੇ ਨਾ ਹੀ ਕੋਈ ਪੰਚਾਇਤੀ ਫੈਸਲਾ ਹੋੋਇਆ ਹੈ ਤੇ ਜੋ ਸਤਪਾਲ ਸਿੰਘ ਦਰਖਾਸਤਾਂ ਨਾਲ ਪੰਚਾਇਤੀ ਫੈਸਲਾ ਤੇ ਮੁਆਫੀਨਾਮਾ ਲਾਉਂਦਾ ਹੈ ਉਹ ਜਾਅਲੀ ਹੈ। ਹਰਜਿੰਦਰ ਸਿੰਘ ਨੇ ਦਰਖਾਸਤ ’ਚ ਲਿਖਿਆ ਕਿ ਸਤਪਾਲ ਸਿੰਘ ਉੁਸ ਨਾਲ ਧੋਖਾਦੇਹੀ ਤੇ ਉਸ ਨੂੰ ਬਲੈਕਮੇਲ ਕਰ ਕੇ ਉਸ ਦਾ ਸਮਾਜ ’ਚ ਰੁਤਬਾ ਖਰਾਬ ਕਰਨਾ ਚਾਹੁੰਦਾ ਹੈ। ਮੰਡੀ ਗੋਬਿੰਦਗਡ਼੍ਹ ਪੁਲਸ ਨੂੰ ਸਤਪਾਲ ਸਿੰਘ ਵਾਸੀ ਰਾਮ ਨਗਰ, ਮੰਡੀ ਗੋਬਿੰਦਗਡ਼੍ਹ ਖਿਲਾਫ ਮੁਕੱਦਮਾ ਦਰਜ ਕਰ ਕੇ ਸਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਸਾਹਿਬ ਨੇ ਸਤਪਾਲ ਸਿੰਘ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ਤੇ ਫਿਰ 1 ਦਿਨ ਦੇ ਪੁਲਸ ਰਿਮਾਂਡ ਤੇ ਭੇਜਿਆ ਸੀ। ਪੁਲਸ ਰਿਮਾਂਡ ਖਤਮ ਹੋਣ ਉਪਰੰਤ ਜੱਜ ਨੇ ਸਤਪਾਲ ਸਿੰਘ ਨੂੰ ਜੁਡੀਸ਼ੀਅਲ ਜੇਲ ਨਾਭਾ ’ਚ ਭੇਜ ਦਿੱਤਾ ਹੈ।
