ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀ ਕਾਬੂ

Wednesday, Jul 04, 2018 - 12:48 PM (IST)

ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀ ਕਾਬੂ

ਪਟਿਆਲਾ(ਬਲਜਿੰਦਰ)—ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜੀ. ਆਰ. ਪੀ. ਤੇ ਆਰ. ਪੀ. ਐੱਫ. ਦੀ ਸਾਂਝੀ ਕਾਰਵਾਈ ਦੌਰਾਨ 63650 ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਕਥਿਤ ਦੋਸ਼ੀ ਇਹ ਗੋਲੀਆਂ 2 ਪਾਰਸਲਾਂ 'ਚ ਪਾ ਕੇ ਰਾਜਸਥਾਨ ਦੇ ਲਾਲਗੜ੍ਹ ਰੇਲਵੇ ਸਟੇਸ਼ਨ ਤੋਂ ਬਾੜਮੇਰ-ਹਰਿਦੁਆਰ ਜਾਣ ਵਾਲੀ ਰੇਲ-ਗੱਡੀ ਰਾਹੀਂ  ਲਿਆਏ ਸਨ। ਗੋਲੀਆਂ ਦੇ ਪਾਰਸਲਾਂ ਨੂੰ ਕਾਰ ਨੰਬਰ ਪੀ ਬੀ 19 ਪੀ 9318 'ਚ ਰਖਦਿਆਂ ਪੁਲਸ ਦੀ ਵਿਸ਼ੇਸ਼ ਟੀਮ ਨੇ ਇਨ੍ਹਾਂ ਨੂੰ  ਕਾਬੂ ਕਰ ਲਿਆ। ਰੇਲਵੇ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਰੋਹਿਤ ਚੌਧਰੀ ਏ. ਡੀ. ਜੀ. ਪੀ. ਜੀ. ਆਰ. ਪੀ. ਪੰਜਾਬ ਅਤੇ ਦਲਜੀਤ ਸਿੰਘ ਰਾਣਾ ਏ. ਐੱਸ. ਆਈ. ਜੀ. ਆਰ. ਪੀ. ਪੰਜਾਬ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ਼  ਮੁਹਿੰਮ ਵਿੱਢੀ  ਹੋਈ  ਹੈ।  ਇਸ  ਦੌਰਾਨ ਐੱਸ. ਆਈ. ਨਰੋਤਮ ਸਿੰਘ ਮੁੱਖ ਥਾਣਾ ਅਫ਼ਸਰ ਰੇਲਵੇ ਪੁਲਸ ਵੱਲੋਂ ਸਮੇਤ ਇੰਸਪੈਕਟਰ ਸ਼੍ਰੀ ਜੀ. ਐੱਸ. ਆਹਲੂਵਾਲੀਆ ਆਰ. ਪੀ. ਐੱਫ. ਨੇ  ਸਾਂਝੀ ਕਾਰਵਾਈ ਕੀਤੀ। ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 8, ਪੱਤੀ ਰੋਡ ਨੇੜੇ ਸ਼ਨੀ ਮੰਦਰ ਬਰਨਾਲਾ (ਜ਼ਿਲਾ ਬਰਨਾਲਾ), ਕਰਮਦੀਨ ਮੇਹਰ ਪੁੱਤਰ ਫਕੀਰੀਆ ਖਾਂ ਵਾਸੀ ਪਿੰਡ ਰਾਮਗੜ੍ਹ ਥਾਣਾ ਟੱਲੇਵਾਲ ਜ਼ਿਲਾ ਬਰਨਾਲਾ, ਜੱਗਰ ਸਿੰਘ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਮੱਝੂਕੇ ਥਾਣਾ ਭਦੌੜ ਜ਼ਿਲਾ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ  ਗੱਡੀ ਨੰਬਰ ਪੀ ਬੀ 19 ਪੀ-9318 'ਚੋਂ ਉਨ੍ਹਾਂ ਦੇ ਕਬਜ਼ੇ 'ਚੋਂ ਨਸ਼ੇ ਵਾਲੀਆਂ 63650 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਨ੍ਹਾਂ ਦਾ ਚੌਥਾ ਸਾਥੀ ਸਿਮਰਨਜੀਤ ਸਿੰਘ ਉਰਫ਼ ਸ਼ੰਭੂ ਵਾਸੀ ਟੱਲੇਵਾਲ ਜ਼ਿਲਾ ਬਰਨਾਲਾ ਜੋ ਕਿ ਫ਼ਰਾਰ ਹੈ, ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।


Related News