ਫਾਇਨਾਂਸ ਕੰਪਨੀ ਦੇ ਵਰਕਰਾਂ ਨਾਲ ਹੋਈ ਲੁੱਟ-ਖੋਹ ਦਾ ਕੇਸ ਸੁਲਝਿਆ, 3 ਗ੍ਰਿਫਤਾਰ

Wednesday, Jun 27, 2018 - 04:21 AM (IST)

ਫਾਇਨਾਂਸ ਕੰਪਨੀ ਦੇ ਵਰਕਰਾਂ ਨਾਲ ਹੋਈ ਲੁੱਟ-ਖੋਹ ਦਾ ਕੇਸ ਸੁਲਝਿਆ, 3 ਗ੍ਰਿਫਤਾਰ

ਲੁਧਿਆਣਾ(ਮਹੇਸ਼)-ਹੈਬੋਵਾਲ ਇਲਾਕੇ 'ਚ ਸੋਮਵਾਰ ਨੂੰ ਫਾਇਨਾਂਸ ਕੰਪਨੀ ਦੇ 2 ਵਰਕਰਾਂ ਨਾਲ ਹੋਈ ਲੁੱਟ-ਖੋਹ ਦੇ ਕੇਸ ਨੂੰ ਇਲਾਕਾ ਪੁਲਸ ਨੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਸੁਲਝਾ ਲਿਆ ਹੈ, ਜਿਨ੍ਹਾਂ ਕੋਲੋਂ ਲੁੱਟੀ ਗਈ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਵਰਕਰ ਅਤੁਲ ਸਰੋਏ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਸੀ। ਹੈਬੋਵਾਲ ਥਾਣਾ ਮੁਖੀ ਸਬ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਬੌਂਕੜ ਡੋਗਰਾ ਦੇ ਹਰਪ੍ਰੀਤ, ਦੀਪਕ ਕੁਮਾਰ ਅਤੇ ਲਾਡੋਵਾਲ ਦੇ ਅਮਨਦੀਪ ਵਜੋਂ ਹੋਈ ਹੈ, ਜੋ ਕਿ 18 ਤੋਂ 21 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਦੇ ਕਬਜ਼ੇ 'ਚੋਂ ਲੁੱਟੀ ਗਈ ਕਰੀਬ 8,000 ਰੁਪਏ ਦੀ ਨਕਦੀ, ਬੈਗ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਦੋਸ਼ੀਆਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਪਰਮਦੀਪ ਨੇ ਦੱਸਿਆ ਕਿ ਪੱਖੋਵਾਲ ਰੋਡ ਦਾ ਰਹਿਣ ਵਾਲਾ ਅਤੁਲ ਅਤੇ ਸੁਭਾਸ਼ ਇਕ ਫਾਇਨਾਂਸ ਕੰਪਨੀ ਦੇ ਵਰਕਰ ਹਨ। ਇਨ੍ਹਾਂ ਦੀ ਕੰਪਨੀ ਪਿੰਡਾਂ ਦੀਆਂ ਔਰਤਾਂ ਨੂੰ ਛੋਟੇ-ਛੋਟੇ ਕਰਜ਼ੇ ਮੁਹੱਈਆ ਕਰਵਾਉਂਦੀ ਹੈ, ਜਿਨ੍ਹਾਂ ਤੋਂ ਹਰ ਹਫਤੇ ਇਹ ਦੋਵੇਂ ਵਰਕਰ ਕਿਸ਼ਤਾਂ 'ਚ ਪੈਸਾ ਇਕੱਠਾ ਕਰਦੇ ਹਨ। ਸੋਮਵਾਰ ਨੂੰ ਦੋਵੇਂ ਜਦੋਂ ਮੋਟਰਸਾਈਕਲ 'ਤੇ ਪਿੰਡ ਬਲੌਕੀ ਵੱਲ ਜਾ ਰਹੇ ਸਨ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਤਿੰਨ ਬਦਮਾਸ਼ ਉਨ੍ਹਾਂ ਦਾ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਭੱਜਦੇ ਸਮੇਂ ਪੀੜਤਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ। ਕੇਸ ਦਾ ਪਤਾ ਲਗਦੇ ਹੀ ਪੁਲਸ ਤੁਰੰਤ ਹਰਕਤ 'ਚ ਆ ਗਈ। ਮੋਟਰਸਾਈਕਲ ਦੇ ਨੰਬਰ ਦੇ ਆਧਾਰ 'ਤੇ ਜਦੋਂ ਉਸ ਦੇ ਮਾਲਕ ਦਾ ਪਤਾ ਕਢਵਾਇਆ ਤਾਂ ਪੁਲਸ ਨੂੰ ਪਤਾ ਲੱਗਾ ਕਿ ਹਰਪ੍ਰੀਤ ਦੇ ਘਰਵਾਲਿਆਂ ਨੇ ਇਸੇ ਕੰਪਨੀ ਤੋਂ ਕਰਜ਼ਾ ਲੈ ਰੱਖਿਆ ਹੈ। ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਅਤੁਲ ਅਤੇ ਸੁਭਾਸ਼ ਕੋਲ ਕੈਸ਼ ਹੁੰਦਾ ਹੈ। ਉਸ ਨੇ ਇਨ੍ਹਾਂ ਨੂੰ ਲੁੱਟਣ ਦੀ ਯੋਜਨਾ ਬਣਾਈ ਅਤੇ ਆਪਣੇ ਨਾਲ ਦੋਵੇਂ ਦੋਸਤਾਂ ਨੂੰ ਮਿਲਾ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਦੋਵਾਂ ਦੀ ਰੇਕੀ ਕੀਤੀ ਅਤੇ ਮੌਕਾ ਮਿਲਣ 'ਤੇ ਉਨ੍ਹਾਂ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਐੱਸ. ਆਈ. ਨੇ ਦੱਸਿਆ ਕਿ ਦੋਸ਼ੀਆਂ ਦਾ ਪਿਛਲਾ ਅਪਰਾਧਕ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ।


Related News