ਨੌਜਵਾਨ ਦੀ ਹੱਤਿਆ ਦੇ ਦੋਸ਼ ’ਚ 1 ਮੁਲਜ਼ਮ ਕਾਬੂ, 7 ਅਜੇ ਵੀ ਫਰਾਰ
Sunday, Jun 17, 2018 - 12:37 AM (IST)
ਮਮਦੋਟ(ਸੰਜੀਵ, ਧਵਨ)–27 ਫਰਵਰੀ ਨੂੰ ਪਿੰਡ ਲਖਮੀਰ ਕੇ ਉਤਾਡ਼੍ਹ (ਭੱਟੀਆਂ) ਵਿਖੇ ਖੇਤ ’ਚ ਪਾਣੀ ਵਾਲੀ ਅਾੜ ਤੋਂ ਪੈਦਾ ਹੋਏ ਵਿਵਾਦ ਦੌਰਾਨ ਨੌਜਵਾਨ ਮੋਹਣ ਸਿੰਘ ਪੁੱਤਰ ਮੱਖਣ ਸਿੰਘ ਦੀ ਹੱਤਿਆ ਦੇ ਸਬੰਧ ’ਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਮੁਲਜ਼ਮ ਸਤਨਾਮ ਸਿੰਘ ਉਰਫ ਸੱਤੀ ਪੁੱਤਰ ਲਛਮਣ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹੱਤਿਆ ਦੇ ਦੋਸ਼ ’ਚ ਇਕ ਅੌਰਤ ਸਮੇਤ ਕੁੱਲ 8 ਵਿਅਕਤੀ ਨਾਮਜ਼ਦ ਕੀਤੇ ਗਏ ਸਨ।ਮੁੱਦਈ ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਸ ਕੋਲ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਉਸ ਦਾ ਚਾਚਾ ਮੋਹਣ ਸਿੰਘ ਪੁੱਤਰ ਮੱਖਣ ਸਿੰਘ ਕਣਕ ਦੀ ਫਸਲ ਨੂੰ ਪਾਣੀ ਲਾਉਣ ਲਈ ਖੇਤ ਗਿਆ ਸੀ ਕਿ ਸਤਨਾਮ ਸਿੰਘ ਸੱਤੀ, ਹਰਬੰਸ ਸਿੰਘ, ਲਛਮਣ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸੀਮਾ ਰਾਣੀ, ਸਤਨਾਮ ਸਿੰਘ ਤੇ 2 ਅਣਪਛਾਤੇ ਵਿਅਕਤੀਆਂ ਸਮੇਤ ਕੁਲ ਅੱਠ ਵਿਅਕਤੀਆਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਬਾਅਦ ’ਚ ਫਰੀਦਕੋਟ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ ਸੀ। ਉਧਰ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਅਨਾਜ ਮੰਡੀ ਕੋਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਤੱਥ ਸਾਹਮਣੇ ਆ ਸਕਣ।
