ਮੋਬਾਇਲ ਖੋਹ ਕੇ ਭੱਜ ਰਹੇ ਝਪਟਮਾਰ ਨੂੰ ਲੋਕਾਂ ਨੇ ਕਾਬੂ ਕਰ ਕੇ ਕੀਤੀ ਛਿੱਤਰ-ਪਰੇਡ
Sunday, Apr 22, 2018 - 04:35 AM (IST)
ਲੁਧਿਆਣਾ(ਮਹੇਸ਼)- ਸਲੇਮ ਟਾਬਰੀ ਇਲਾਕੇ 'ਚ ਸ਼ਨੀਵਾਰ ਨੂੰ ਇਕ ਔਰਤ ਦਾ ਮੋਬਾਇਲ ਫੋਨ ਖੋਹ ਕੇ ਭੱਜ ਰਹੇ ਝਪਟਮਾਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਦੋਸ਼ੀ ਦੀ ਪਛਾਣ ਅਮਨ ਨਗਰ ਦੇ ਸੂਰਜ ਵਜੋਂ ਹੋਈ ਹੈ, ਜੋ ਕਿ ਡਰਾਈਵਰੀ ਕਰਦਾ ਹੈ ਅਤੇ ਨਾਲ ਹੀ ਨਸ਼ੇ ਕਰਨ ਦਾ ਆਦੀ ਹੈ। ਪੁਲਸ ਨੇ ਉਸ ਦੇ ਖਿਲਾਫ ਲੁੱਟ-ਖੋਹ ਦਾ ਪਰਚਾ ਦਰਜ ਕੀਤਾ ਹੈ। ਪਿੰਡ ਭੱਟੀਆਂ ਦੀ ਕਵਿਤਾ ਘਰ ਦਾ ਸਾਮਾਨ ਖਰੀਦਣ ਲਈ ਮਾਰਕੀਟ ਵੱਲ ਜਾ ਰਹੀ ਸੀ। ਜਦੋਂ ਉਹ ਜਲੰਧਰ ਬਾਈਪਾਸ, ਨਗੇਸ਼ ਹੌਜ਼ਰੀ ਕੋਲ ਪੁੱਜੀ ਤਾਂ ਪਿੱਛਿਓਂ ਆਏ ਸੂਰਜ ਨੇ ਉਸ ਤੋਂ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਿਆ। ਕਵਿਤਾ ਦਾ ਰੌਲਾ ਸੁਣ ਕੇ ਆਲੇ-ਦੁਆਲੇ ਮੌਜੂਦ ਲੋਕ ਫੌਰਨ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਦੋਸ਼ੀ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਸ ਦੀ ਚੰਗੀ ਛਿੱਤਰ-ਪਰੇਡ ਕੀਤੀ ਅਤੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਉਸ ਨੂੰ ਫੜ ਕੇ ਥਾਣੇ ਲੈ ਗਈ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੋਸ਼ੀ ਨਸ਼ੇ ਦੀ ਹਾਲਾਤ ਵਿਚ ਸੀ ਅਤੇ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਤੋਂ ਔਰਤ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਵੀ ਅਪਰਾਧਕ ਪ੍ਰਵਿਰਤੀ ਦਾ ਹੈ, ਜੋ ਕਿ ਪਹਿਲਾਂ ਹੀ ਜੇਲ ਵਿਚ ਹੈ।
