ਗਲਤ ਨੰਬਰ ਪਲੇਟ ਲਾ ਕੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਅੜਿੱਕੇ

Sunday, Apr 01, 2018 - 06:49 AM (IST)

ਗਲਤ ਨੰਬਰ ਪਲੇਟ ਲਾ ਕੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਅੜਿੱਕੇ

ਲਾਂਬੜਾ(ਵਰਿੰਦਰ)¸ ਲਾਂਬੜਾ ਪੁਲਸ ਵਲੋਂ ਦੋ ਸ਼ਰਾਬ ਸਮੱਗਲਰਾਂ ਨੂੰ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਕੁਆਲਿਸ ਗੱਡੀ 'ਤੇ ਮੋਟਰਸਾਈਕਲ ਦਾ ਜਾਅਲੀ ਨੰਬਰ ਲਗਾਇਆ ਹੋਇਆ ਸੀ। ਇਸ ਤੋਂ ਇਲਾਵਾ ਗੱਡੀ 'ਤੇ ਜਾਅਲੀ 'ਨੰਬਰਦਾਰ' ਸ਼ਬਦ ਵੀ ਲੁਆਇਆ ਹੋਇਆ ਸੀ। ਇਸ ਸੰਬੰਧੀ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ (ਕਰਤਾਰਪੁਰ) ਨੇ ਦੱਸਿਆ ਕਿ ਥਾਣਾ ਮੁਖੀ ਲਾਂਬੜਾ ਨੂੰ ਖਾਸ ਮੁਖਬਰ ਤੋਂ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਨਾਕਾਬੰਦੀ ਕਰ ਕੇ ਇਕ ਕੁਆਲਿਸ ਗੱਡੀ ਨੂੰ ਰੋਕਿਆ ਜਿਸ 'ਤੇ ਪੀ. ਬੀ. 08 ਬੀ. ਜ਼ੈੱਡ 3950 ਨੰਬਰ ਪਲੇਟ ਲੱਗੀ ਸੀ। ਗੱਡੀ ਅੱਡੇ 'ਨੰਬਰਦਾਰ' ਲਿਖਿਆ ਸੀ। ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਵੱਖ-ਵੱਖ ਮਾਰਕੇ ਦੀਆਂ 23 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਵਲੋਂ ਤੁਰੰਤ ਗੱਡੀ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਕੰਵਲਜੀਤ ਸਿੰਘ ਉਰਫ ਲਾਡਾ ਪੁੱਤਰ ਗੁਰਮੇਜ ਸਿੰਘ ਵਾਸੀ ਸੈਦਪੁਰ ਥਾਣਾ ਭਿੰਡੀਆਂ ਜ਼ਿਲਾ ਅੰਮ੍ਰਿਤਸਰ ਅਤੇ ਜਸਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਅਮਰ ਸਿੰਘ ਵਾਸੀ ਨਿੰਬਰਵਿੰਡ ਥਾਣਾ ਮੱਤੇਵਾਲ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਸਸਤੇ ਰੇਟ 'ਤੇ ਸ਼ਰਾਬ ਖਰੀਦ ਕੇ ਮਹਿੰਗੇ ਰੇਟ 'ਤੇ ਸਪਲਾਈ ਕਰਦੇ ਸਨ। ਇਨ੍ਹਾਂ ਦਾ ਇਕ ਹੋਰ ਸਾਥੀ ਪਰਮਜੀਤ ਸਿੰਘ ਵਾਸੀ ਭਿੰਡੀਆਂ ਪਿੰਡ ਅਜੇ ਫਰਾਰ ਹੈ। ਜਾਂਚ ਵਿਚ  ਪਤਾ ਲੱਗਾ ਕਿ ਮੁਲਜ਼ਮਾਂ ਨੇ ਗੱਡੀ 'ਤੇ ਮੋਟਰਸਾਈਕਲ ਸਪਲੈਂਡਰ ਪਲੱਸ ਦਾ ਜਾਅਲੀ ਨੰਬਰ ਲਗਾਇਆ ਹੋਇਆ ਸੀ ਜੋ ਸੁਖਵੰਤ ਦੇ ਨਾਂ 'ਤੇ ਹੈ। ਪੁਲਸ ਵਲੋਂ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਦਾ ਰਿਮਾਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ।


Related News