ਡਕੈਤੀ ਦੀ ਯੋਜਨਾ ਬਣਾਉਂਦੇ ਗਿਰੋਹ ਦੇ ਸਰਗਣੇ ਸਮੇਤ 5 ਗ੍ਰਿਫਤਾਰ

03/15/2018 6:48:31 AM

ਲੁਧਿਆਣਾ(ਮਹੇਸ਼)-ਨਗਰ ਦੇ ਇਕ ਮਨੀ ਐਕਸਚੇਂਜਰ ਦੇ ਡਕੈਦੀ ਕਰਨ ਦੀ ਯੋਜਨਾ ਬਣਾਉਂਦੇ ਹੋਏ ਇਕ ਗਿਰੋਹ ਦੇ ਸਰਗਣੇ ਸਮੇਤ 5 ਮੈਂਬਰਾਂ ਨੂੰ ਜ਼ਿਲਾ ਪੁਲਸ ਨੇ ਬੜੇ ਹੀ ਨਾਟਕੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੈ, ਜਦ ਕਿ ਗਿਰੋਹ ਦੇ 4 ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਦੋਸ਼ੀਆਂ ਕੋਲੋਂ 2 ਪਿਸਤੌਲਾਂ, 11 ਜ਼ਿੰਦਾ ਕਾਰਤੂਸ, ਤੇਜ਼ਧਾਰ ਹਥਿਆਰ ਕਿਰਚ, ਲੋਹੇ ਦੀ ਇਕ ਰਾਡ ਦੇ ਇਲਾਵਾ 1.28 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਗਿਰੋਹ ਦੇ ਸਰਗਣਾ ਭੌਰਾ ਕਾਲੋਨੀ ਨਿਵਾਸੀ ਮਨਜੀਤ ਸਿੰਘ ਉਰਫ ਅਮਿਤ (19), ਨਿਊ ਅਮਨ ਨਗਰ ਦੇ ਰਾਹੁਲ (23), ਪਿੰਡ ਜੱਸੀਆਂ ਦੇ ਰਵੀ ਉਰਫ ਟੈਟ (25), ਅਮਨ ਵਿਹਾਰ ਦੇ ਰੋਹਿਤ ਕੁਮਾਰ ਉਰਫ ਬੰਨੀ (23), ਤੇ ਅਸ਼ੋਕ ਵਿਹਾਰ ਦੇ ਪਿੰਟੂ ਓਬਰਾਏ (23) ਵਜੋਂ ਹੋਈ ਹੈ, ਜਦ ਕਿ ਫਰਾਰ ਦੋਸ਼ੀਆਂ 'ਚ ਮੁਹੱਲਾ ਕੇਹਰ ਸਿੰਘ ਨਗਰ ਦਾ ਮੁਨੀਸ਼ ਪਠਾਨੀਆ ਉਰਫ ਮਨੀ, ਪ੍ਰੇਮ ਕਾਲੋਨੀ ਦਾ ਵਿੱਕੀ ਪਿੰਡ ਭੌਰਾ ਦਾ ਹਰਦੇਵ ਸਿੰਘ ਤੇ ਪਿੰਡ ਕਾਰਾਬਾਰਾ ਦਾ ਪ੍ਰਿੰਸ ਹੈ। ਡੀ.ਸੀ.ਪੀ. ਕ੍ਰਾਇਮ ਗਗਨਅਜੀਤ ਸਿੰਘ ਨੇ ਪ੍ਰੈੱਸ ਵਾਰਤਾ 'ਚ ਹੋਮੀਸਾਈਡ ਸੈੱਲ ਟੀਮ ਦੀ ਪਿਠ ਥਪਾਉਂਦੇ ਹੋਏ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਬਾਈਪਾਸ 'ਤੇ ਨਾਗੇਸ਼ ਹੌਜ਼ਰੀ ਨੇੜੇ ਕੁਝ ਸ਼ੱਕੀ ਹਥਿਆਰਬੰਦ ਲੋਕਾਂ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਹਨ। ਜਿਸ 'ਤੇ ਪੁਲਸ ਤੁਰੰਤ ਹਰਕਤ 'ਚ ਆ ਗਈ ਤੇ 5 ਦੋਸ਼ੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਜਦ ਕਿ 2 ਦੋਸ਼ੀ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਉਕਤ ਅਸਲਾ, ਨਕਦੀ ਤੇ ਹੋਰ ਸਾਮਾਨ ਬਰਾਮਦ ਹੋਇਆ।
ਇਕ ਏ. ਐੱਸ. ਆਈ. ਦੀ ਸਾਵਧਾਨੀ ਨਾਲ ਫੜਿਆ ਗਿਆ ਗਿਰੋਹ
ਸੂਤਰਾਂ ਨੇ ਦੱਸਿਆ ਕਿ ਇਕ ਏ.ਐੱਸ.ਆਈ. ਦੀ ਸਾਵਧਾਨੀ ਨਾਲ ਇਸ ਗੈਂਗ ਦਾ ਭਾਂਡਾ ਭੱਜਾ ਹੈ। ਜਿਸ 'ਤੇ ਪੁਲਸ ਵਾਹੋ-ਵਾਹੀ ਲੁੱਟ ਰਹੀ ਹੈ। ਇਸ ਏ.ਐੱਸ.ਆਈ. ਦੀ ਸ਼ਹਿਰ ਦੇ ਅਪਰਾਧੀਆਂ 'ਚ ਕਾਫੀ ਦਹਿਸ਼ਤ ਹੈ ਤੇ ਇਸ ਦਾ ਨੈੱਟਵਰਕ ਵੀ ਬਹੁਤ ਮਜ਼ਬੂਤ ਹੈ। ਇਹ ਏ.ਐੱਸ.ਆਈ. ਹੁਣ ਤਕ ਕਈ ਵੱਡੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਅ ਚੁੱਕਾ ਹੈ ਤੇ ਇਸ ਦੇ ਨਜ਼ਦੀਕੀ ਇਸਨੂੰ ਚਾਚਾ ਕਹਿ ਕੇ ਬੁਲਾਉਂਦੇ ਹਨ।
ਉਤਰ ਪ੍ਰਦੇਸ਼ ਤੋਂ ਲਿਆਉਂਦੇ ਸਨ ਹਥਿਆਰ
ਡੀ.ਸੀ.ਪੀ. ਨੇ ਦੱਸਿਆ ਕਿ ਦੋਸ਼ੀਆਂ ਤੋਂ ਬਰਾਮਦ ਹੋਇਆ ਅਸਲਾ ਉਤਰ ਪ੍ਰਦੇਸ਼ ਤੋਂ ਸਮੱਗਲਿੰਗ ਕਰ ਕੇ ਪੰਜਾਬ 'ਚ ਲਿਆਂਦਾ ਗਿਆ ਸੀ। ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਕਰੀਬ 3 ਮਹੀਨੇ ਪਹਿਲਾਂ ਰਾਹੁਲ ਦੀ ਭੈਣ ਦੀ ਪਿੰਡ ਗੋਰੀਪੁਰ 'ਚ ਸ਼ਾਦੀ ਸੀ। ਜਿਥੇ ਉਸਦੀ ਮੁਲਾਕਾਤ ਸੋਹਿਬ ਨਾਂ ਦੇ ਇਕ ਵਿਅਕਤੀ ਨਾਲ ਹੋਈ, ਜੋ ਕਿ ਪਿੰਡ ਗੋਰੀ 'ਚ ਹੀ ਕਿਰਾਏ 'ਤੇ ਰਹਿੰਦਾ ਸੀ। ਰਾਹੁਲ ਨੇ ਉਸ ਕੋਲੋਂ 3 ਪਿਸਤੌਲ, 11 ਕਾਰਤੂਸ ਖਰੀਦੇ ਸਨ। ਇਹ ਅਸਲਾ ਉਹ ਮੋਟਰਸਾਈਕਲ 'ਤੇ ਲੁਧਿਆਣਾ ਲੈ ਕੇ ਪਹੁੰਚਿਆ। ਜਿਥੇ ਉਸ ਨੇ ਇਕ ਪਿਸਤੌਲ 14,000 ਰੁਪਏ 'ਚ ਪਿੰਟੂ ਤੇ ਇਕ ਪਿਸਤੌਲ ਮਨਜੀਤ ਨੂੰ 10,000 ਰੁਪਏ 'ਚ ਵੇਚ ਦਿੱਤੀ ਤੇ ਇਕ ਪਿਸਤੌਲ ਆਪਣੇ ਕੋਲ ਰੱਖ ਲਈ। ਉਨ੍ਹਾਂ ਦੱਸਿਆ ਕਿ ਰਾਹੁਲ ਪਿਤਾ ਨਾਲ ਪੇਂਟਰ ਦਾ ਕੰਮ ਕਰਦਾ ਹੈ ਤੇ ਭੈਣ ਦੀ ਸ਼ਾਦੀ 'ਚ ਉਠਾਏ ਗਏ ਕਰਜ਼ੇ ਨੂੰ ਉਤਾਰਨ ਲਈ ਉਸਨੇ ਹਥਿਆਰਾਂ ਦੀ ਸਮੱਗਲਿੰਗ ਕੀਤੀ ਸੀ।
14.63 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ
ਏ. ਡੀ. ਸੀ. ਪੀ. ਕ੍ਰਾਇਮ ਰਤਨ ਬਰਾੜ ਨੇ ਦੱਸਿਆ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪਿਛਲੇ ਸਾਲ 6 ਸਤੰਬਰ ਨੂੰ ਕੋਰੀਅਰ ਮੈਨ ਅਵਤਾਰ ਸਿੰਘ ਨਾਲ ਹੋਈ 14.63 ਲੱਖ ਦਾ ਮਾਮਲਾ ਸੁਲਝ ਗਿਆ ਹੈ। ਇਸ ਸਬੰਧ 'ਚ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਰਹੱਸਮਈ ਖੁਲਾਸਾ ਹੋਇਆ ਕਿ ਮਨਜੀਤ ਇਸ ਗਿਰੋਹ ਦਾ ਸਰਗਣਾ ਹੈ, ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ, ਜਦ ਕਿ ਮੁਨੀਸ਼ ਪਠਾਨੀਆ ਟਰਾਂਸਪੋਰਟ ਨੇੜੇ ਬੀ. ਈ. ਈ. ਐੱਸ. ਬਿਜ਼ੀ ਕੈਰੀਅਰ ਕੰਪਨੀ 'ਚ ਨੌਕਰੀ ਕਰਦਾ ਸੀ ਤੇ ਉਸ ਨੂੰ ਅਵਤਾਰ ਬਾਰੇ ਪਤਾ ਸੀ ਕਿ ਉਸ ਕੋਲ ਭਾਰੀ ਮਾਤਰਾ 'ਚ ਕੈਸ਼ ਹੁੰਦਾ ਹੈ। ਉਸਨੇ ਇਹ ਜਾਣਕਾਰੀ ਮਨਜੀਤ ਨੂੰ ਉਪਲੱਬਧ ਕਰਵਾਈ। ਮਨਜੀਤ ਨੇ ਅਵਤਾਰ ਨੂੰ ਰੇਕੀ ਕਰਵਾ ਕੇ ਹਥਿਆਰਾਂ ਨਾਲ ਲੈੱਸ ਹੋ ਕੇ 6 ਸਾਥੀਆਂ ਨਾਲ 3 ਵੱਖ-ਵੱਖ ਮੋਟਰਸਾਈਕਲਾਂ 'ਤੇ ਢੋਲੇਵਾਲ ਪੁਲ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ।
ਲੁੱਟੀ ਗਈ ਨਕਦੀ ਆਪਸ 'ਚ ਵੰਡੀ
ਏ.ਸੀ.ਪੀ. ਕ੍ਰਾਇਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀਆਂ ਨੇ ਲੁੱਟ ਦੀ ਰਾਸ਼ੀ ਆਪਸ 'ਚ ਵੰਡ ਲਈ। ਮਨਜੀਤ ਤੇ ਵਿੱਕੀ ਨੇ 5-5 ਲੱਖ ਰੁਪਏ ਲਏ, ਰਵੀ ਟੈਟ ਨੂੰ 25,000, ਰੋਹਿਤ ਨੂੰ 15,000 ਤੇ ਬਾਕੀ ਰਾਸ਼ੀ ਹੋਰਨਾਂ ਦੋਸ਼ੀਆਂ 'ਚ ਵੰਡੀ ਗਈ।
ਇਸ ਵਾਰ ਮਨੀ ਐਕਸਚੇਂਜਰ ਸੀ ਨਿਸ਼ਾਨੇ 'ਤੇ
ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਸ਼ਹਿਰ ਦਾ ਇਕ ਨਾਮੀ ਮਨੀ ਐਕਸਚੇਂਜਰ ਇਸ ਗਿਰੋਹ ਦੇ ਨਿਸ਼ਾਨੇ 'ਤੇ ਸੀ, ਜਿਸ ਦੀ ਮੁਨੀਸ਼ ਨੇ ਪੂਰੀ ਜਾਣਕਾਰੀ ਜੁਟਾ ਕੇ ਮਨਜੀਤ ਨੂੰ ਦਿੱਤੀ ਸੀ ਤੇ ਸੁਚੇਤ ਵੀ ਕੀਤਾ ਸੀ ਕਿ ਬਿਨਾਂ ਅਸਲੇ ਦੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ। ਜਿਸ 'ਤੇ ਹਥਿਆਰ ਜੁਟਾਉਣ ਦੀ ਜ਼ਿੰਮੇਵਾਰੀ ਮਨਜੀਤ ਨੇ ਚੁੱਕੀ ਸੀ ਤੇ ਉਹ ਹਥਿਆਰ ਹਾਸਲ ਕਰਨ ਵਿਚ ਕਾਮਯਾਬ ਵੀ ਹੋ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪੁਲਸ ਨੂੰ ਇਸਦੀ ਜਾਣਕਾਰੀ ਨਾ ਮਿਲਦੀ ਤਾਂ ਇਹ ਗਿਰੋਹ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਜਾਂਦਾ।
ਅੱਯਾਸ਼ੀ 'ਚ ਉਡਾਇਆ ਪੈਸਾ
ਪੁਲਸ ਨੇ ਦੱਸਿਆ ਕਿ ਮਨਜੀਤ ਨੇ ਲੁੱਟ ਦਾ ਜ਼ਿਆਦਾਤਰ ਪੈਸਾ ਆਪਣੀ ਅੱਯਾਸ਼ੀ 'ਚ ਲੁਟਾ ਦਿੱਤਾ। ਉਹ ਆਪਣੀ ਪ੍ਰੇਮਿਕਾ ਨਾਲ ਸਲੇਮ ਟਾਬਰੀ ਇਲਾਕੇ 'ਚ ਰਹਿੰਦਾ ਹੈ। ਮਨਜੀਤ ਦੇ ਪਰਿਵਾਰ ਵਾਲਿਆਂ ਨੇ ਪੁਲਸ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਉਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਹੈ ਪਰ ਜਦੋਂ ਮਨਜੀਤ ਨੂੰ ਪੁਲਸ ਨੇ ਫੜਿਆ ਤਾਂ ਉਸਦੀ ਪੈਰਵਾਈ ਕਰਨ ਲਈ ਪਹੁੰਚ ਗਏ।


Related News