ਖੁਦਕੁਸ਼ੀ ਕਰਨ ਵਾਲੀ ਮਹਿਲਾ ਸਿਪਾਹੀ ਦੇ ਮਾਮਲੇ ''ਚ ''ਜੱਸ'' ਥਿੰਦ ਗ੍ਰਿਫਤਾਰ

Wednesday, Feb 07, 2018 - 05:44 AM (IST)

ਖੁਦਕੁਸ਼ੀ ਕਰਨ ਵਾਲੀ ਮਹਿਲਾ ਸਿਪਾਹੀ ਦੇ ਮਾਮਲੇ ''ਚ ''ਜੱਸ'' ਥਿੰਦ ਗ੍ਰਿਫਤਾਰ

ਹਲਵਾਰਾ(ਮਨਦੀਪ)-ਪਿੰਡ ਨਵੀਂ ਅਬਾਦੀ ਅਕਾਲਗੜ੍ਹ ਵਾਸੀ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ, ਜਿਸ ਨੇ ਪਿਛਲੇ ਸਾਲ 9 ਜੂਨ ਨੂੰ ਜੋਧਾਂ ਥਾਣੇ ਵਿਚ ਖੁਦਕੁਸ਼ੀ ਕਰ ਲਈ ਸੀ, ਦੇ ਕੇਸ ਵਿਚ ਅਪਰਾਧ ਸ਼ਾਖਾ ਦੀ ਆਈ. ਜੀ. ਸ਼ਸ਼ੀ ਪ੍ਰਭਾ ਦਿਵੇਦੀ, ਸਨਮੀਤ ਕੌਰ ਅਤੇ ਇਕ ਡੀ. ਐੱਸ. ਪੀ. 'ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਲੰਬੀ ਪੜਤਾਲ ਦੌਰਾਨ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਲਿਆਂਦੇ ਹਨ।ਕੇਸ ਵਿਚ ਪਹਿਲਾਂ ਨਾਮਜ਼ਦ ਮੁਨਸ਼ੀ ਹੈੱਡ ਕਾਂਸਟੇਬਲ ਨਿਰਭੈ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ, ਜਦਕਿ ਮ੍ਰਿਤਕਾ ਦੇ ਗੁਆਂਢੀ ਮੁਲਜ਼ਮ ਜਸਦੇਵ ਸਿੰਘ ਉਰਫ ਜੱਸ ਥਿੰਦ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਮੋਹੀ ਹਾਲ ਵਾਸੀ ਨਵੀਂ ਆਬਾਦੀ ਅਕਾਲਗੜ੍ਹ ਨੇ ਬੀਤੀ ਸ਼ਾਮ ਖੁਦ ਹੀ ਲੁਧਿਆਣਾ ਦੀ ਮਾਣਯੋਗ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ। ਮਾਣਯੋਗ ਜੱਜ ਜਗਜੀਤ ਸਿੰਘ ਦੀ ਅਦਾਲਤ ਨੇ ਮੁਲਜ਼ਮ ਨੂੰ ਜਾਂਚ ਲਈ ਥਾਣਾ ਜੋਧਾਂ ਦੀ ਪੁਲਸ ਹਵਾਲੇ ਕਰਕੇ 2 ਦਿਨਾਂ ਪੁਲਸ ਰਿਮਾਂਡ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 6 ਜੂਨ 2017 ਨੂੰ ਥਾਣਾ ਜੋਧਾਂ ਦੀ ਪੁਲਸ ਵੱਲੋਂ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਨਿਗਰਾਨੀ ਲਈ ਅਮਨਪ੍ਰੀਤ ਕੌਰ ਸਿਪਾਹੀ ਦੀ ਡਿਊਟੀ ਲਾਈ ਗਈ ਸੀ, ਜਿਸ ਵੱਲੋਂ ਡਿਊਟੀ ਤੋਂ ਇਨਕਾਰ ਕਰਨ 'ਤੇ ਮੁਨਸ਼ੀ ਨਿਰਭੈ ਸਿੰਘ ਨੇ ਉਸ ਵਿਰੁਧ ਇਕ ਰਿਪੋਰਟ ਰੋਜ਼ਨਾਮਚਾ ਦਰਜ ਕਰ ਦਿੱਤੀ ਸੀ। ਇਸ ਕਾਰਨ ਅਮਨਪ੍ਰੀਤ ਕੌਰ ਨੇ ਮੁਨਸ਼ੀ ਵਿਰੁਧ ਤੰਗ-ਪ੍ਰੇਸ਼ਾਨ ਕਰਨ ਬਾਰੇ ਡੀ. ਐੱਸ. ਪੀ. ਦਾਖਾ ਜਸਮੀਤ ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਸੀ।
ਮੁਨਸ਼ੀ ਦੇ ਸਰਕਾਰੀ ਨੰਬਰ ਤੋਂ ਆਪਣੇ ਦੋਸਤ 'ਜੱਸ' ਨੂੰ ਕੀਤੀ ਸੀ ਕਾਲ
ਉਨ੍ਹਾਂ ਅਮਨਪ੍ਰੀਤ ਕੌਰ ਦੀ ਡਿਊਟੀ ਆਪਣੇ ਦਫਤਰ ਵਿਚ ਹੀ ਲਾ ਦਿੱਤੀ ਸੀ ਪਰ 9 ਜੂਨ ਨੂੰ ਮਹਿਲਾ ਸਿਪਾਹੀ ਦੇ ਛੁੱਟੀ ਚਲੇ ਜਾਣ ਕਾਰਨ ਅਮਨਪ੍ਰੀਤ ਕੌਰ ਨੂੰ ਰਾਤ ਸਮੇਂ ਥਾਣਾ ਜੋਧਾਂ ਵਿਚ ਮੁੜ ਡਿਊਟੀ ਲਈ ਭੇਜ ਦਿੱਤਾ ਗਿਆ ਸੀ। ਉਸ ਨੇ ਮੁਨਸ਼ੀ ਦੇ ਸਰਕਾਰੀ ਨੰਬਰ ਤੋਂ ਆਪਣੇ ਦੋਸਤ 'ਜੱਸ' ਦੇ ਨੰਬਰ 'ਤੇ ਕਾਲ ਕੀਤੀ ਸੀ ਅਤੇ ਇਸੇ ਨੰਬਰ ਤੋਂ 6.30 ਵਜੇ ਸ਼ਾਮ ਫੋਨ ਆਇਆ ਸੀ ਅਤੇ ਲੰਬੀ ਗੱਲਬਾਤ ਅਮਨਪ੍ਰੀਤ ਨਾਲ ਹੋਈ ਸੀ। ਕੁਝ ਸਮੇਂ ਬਾਅਦ ਥਾਣੇ ਦੇ ਅੰਦਰ ਹੀ ਇਕ ਕਮਰੇ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਪੁਲਸ ਵੱਲੋਂ ਰਾਤ ਨੂੰ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਉਸ ਦੇ ਭਰਾ ਗੁਰਬਿੰਦਰ ਸਿੰਘ ਦੇ ਬਿਆਨਾਂ 'ਤੇ ਮੁਨਸ਼ੀ ਨਿਰਭੈ ਸਿੰਘ ਕੇਸ ਦਰਜ ਕਰ ਦਿੱਤਾ ਗਿਆ ਸੀ।
ਕਈ ਮੁਕੱਦਮੇ ਹਨ ਦਰਜ
10 ਜੂਨ ਨੂੰ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ, ਜਿਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਂਚ ਨੂੰ ਕੁਰਾਹੇ ਪਾਉਣ ਲਈ ਰੱਜ ਕੇ ਹੁੱਲੜਬਾਜ਼ੀ ਕੀਤੀ ਸੀ। ਪੋਸਟਮਾਰਟਮ ਦੌਰਾਨ ਸੁਧਾਰ ਦੇ ਸਰਕਾਰੀ ਹਸਪਤਾਲ ਦੀ ਭੰਨ-ਤੋੜ ਕੀਤੀ ਗਈ ਸੀ ਅਤੇ 12 ਜੂਨ ਨੂੰ ਸਸਕਾਰ ਮੌਕੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਦੌਰਾਨ ਪੁਲਸ ਕਰਮਚਾਰੀਆਂ ਦੀ ਕੁੱਟ-ਮਾਰ ਅਤੇ ਸਰਕਾਰੀ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਸੀ। ਇਸ ਸਬੰਧੀ ਵੱਖ-ਵੱਖ ਮੁਕੱਦਮੇ ਦਰਜ ਹੋਏ ਸਨ।


Related News