ਨਾਜਾਇਜ਼ ਸ਼ਰਾਬ ਸਣੇ 3 ਨੂੰ ਪੁਲਸ ਨੇ ਕੀਤਾ ਕਾਬੂ

01/20/2018 2:34:10 AM

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ, ਆਵਲਾ)—ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਹੌਲਦਾਰ ਕਰਮਦੀਪ ਸਿੰਘ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ 12 ਬੋਤਲਾਂ ਠੇਕਾ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਕਰਮਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿੰਡ ਕਰੀ ਕਲਾਂ ਦੇ ਕੋਲ ਨਾਕਾਬੰਦੀ ਅਤੇ ਚੈਕਿੰਗ ਦੇ ਦੌਰਾਨ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਸੰਤਰਾ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁਲਸ ਨੂੰ ਆਪਣੇ ਨਾਂ ਰਜੇਸ਼ ਕੁਮਾਰ ਅਤੇ ਬਲਜੀਤ ਸਿੰਘ ਦੱਸੇ ਹਨ। ਪੁਲਸ ਨੇ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਚ ਮੁਕੱਦਮਾ ਦਰਜ ਕੀਤਾ ਹੈ ਤੇ ਮੋਟਰਸਾਈਕਲ ਡੀਲਕਸ ਨੰ: ਪੀ.ਬੀ. 19 ਸੀ-5977 ਵੀ ਕਬਜ਼ੇ ਵਿਚ ਲੈ ਲਿਆ ਹੈ। ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਢਾਣੀ ਹਰੀਪੁਰਾ ਦੇ ਨੇੜੇ ਇਕ ਵਿਅਕਤੀ ਨੂੰ ਸਵਾ 13 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਚ. ਸੀ. ਗੁਰਦੀਪ ਸਿੰਘ 18 ਜਨਵਰੀ ਨੂੰ ਰਾਤ ਲਗਭਗ 8.30 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਢਾਣੀ ਹਰੀਪੁਰ ਕੋਲ ਪਿੰਡ ਜੰਡ ਵਾਲਾ ਭੀਮੇਸ਼ਾਹ ਦੇ ਨੇੜੇ ਕੁਲਦੀਪ ਸਿੰਘ ਵਾਸੀ ਪਿੰਡ ਪਾਕਾਂ ਤੋਂ ਸਵਾ 13 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 


Related News