ਦਿੱਲੀ ਤੋਂ ਟਰਾਂਸਪੋਰਟ ਰਾਹੀਂ ਆਏ ਚਾਈਨਾ ਡੋਰ ਦੇ 120 ਗੱਟੂ ਬਰਾਮਦ, 1 ਗ੍ਰਿਫਤਾਰ
Wednesday, Jan 17, 2018 - 07:12 AM (IST)
ਬਠਿੰਡਾ(ਵਰਮਾ)-ਹਾਈ ਕੋਰਟ ਦੇ ਹੁਕਮਾਂ ਤੇ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਪੁਲਸ ਨੇ ਚਾਈਨਾ ਡੋਰ ਦੇ 120 ਗੱਟੂ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਥਾਣਾ ਕੋਤਵਾਲੀ ਦੇ ਏ. ਐੱਸ. ਆਈ. ਰਜੀਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਟਰਾਂਸਪੋਰਟ ਦਾ ਆਦਮੀ ਗਲਤੀ ਨਾਲ ਐੱਨ. ਕੇ. ਮਾਰਕਾ ਨਾਮੀ ਦੇ ਦੋ ਨਗ ਸਪੋਰਟਸ ਮਾਰਕੀਟ ਆਰੀਆ ਸਮਾਜ ਚੌਕ ਵਿਚ ਕਿਸੇ ਦੁਕਾਨ ਅੱਗੇ ਛੱਡ ਗਿਆ। ਦੁਕਾਨਦਾਰ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਦੋਵੇਂ ਨਗ ਆਪਣੇ ਕਬਜ਼ੇ ਵਿਚ ਲੈ ਲਏ। ਮੰਗਲਵਾਰ ਨੂੰ ਜਿਵੇਂ ਹੀ ਮੁਲਜ਼ਮ ਆਪਣੇ ਨਗ ਚੁੱਕਣ ਲਈ ਆਇਆ ਤਾਂ ਜਾਲ ਵਿਛਾ ਕੇ ਬੈਠੀ ਪੁਲਸ ਨੇ ਉਸ ਨੂੰ ਦਬੋਚ ਲਿਆ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਗੁਰੂ ਨਾਨਕ ਪੁਰਾ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾ ਦੱਸਿਆ ਕਿ ਇਹ ਚਾਈਨਾ ਡੋਰ ਦਿੱਲੀ ਤੋਂ ਬੁੱਕ ਕਰਵਾਈ ਗਈ ਸੀ, ਜਿਸ ਦੀ ਮੁਲਜ਼ਮ ਨੇ ਡਲਿਵਰੀ ਲੈਣੀ ਸੀ ਪਰ ਟਰਾਂਸਪੋਰਟ ਦੀ ਮਾਮੂਲੀ ਗਲਤੀ ਕਾਰਨ ਪੁਲਸ ਨੂੰ ਵੱਡੀ ਸਫਲਤਾ ਮਿਲੀ।
