ਨਸ਼ਾ ਸਮੱਗਲਿੰਗ ਕਰਦੇ 2 ਜੀਜਿਆਂ ਦੇ ਫੜੇ ਜਾਣ ਤੋਂ ਬਾਅਦ ਸਾਲਾ ਦੁਬਈ ਤੋਂ ਆ ਕੇ ਕਰਨ ਲੱਗਾ ਸਪਲਾਈ
Wednesday, Jan 17, 2018 - 05:57 AM (IST)
ਲੁਧਿਆਣਾ(ਰਿਸ਼ੀ)-ਨਸ਼ਾ ਸਮੱਗਲਿੰਗ ਕਰਦੇ 2 ਜੀਜਿਆਂ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਦੇ ਗਾਹਕਾਂ ਨੂੰ ਦੁਬਈ ਤੋਂ ਆਇਆ ਸਾਲਾ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ, ਜਿਸ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਲੱਖਾਂ ਦੀ ਕੀਮਤ ਦੀ 90 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 2 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਇੰਸ. ਸੁਰਿੰਦਰਪਾਲ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਅਮਿਤ ਕੁਮਾਰ ਉਮਰ 30 ਸਾਲ ਨਿਵਾਸੀ ਹਰਕ੍ਰਿਸ਼ਨ ਨਗਰ ਵਜੋਂ ਹੋਈ ਹੈ। ਪੁਲਸ ਨੇ ਉਸ ਨੂੰ ਸੂਚਨਾ ਦੇ ਆਧਾਰ 'ਤੇ ਸੋਮਵਾਰ ਸਿਵਲ ਹਸਪਤਾਲ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਸ਼ੇ ਦੀ ਸਪਲਾਈ ਦੇਣ ਜਾ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਸਮੱਗਲਰ ਦੇ ਦੋ ਜੀਜੇ ਸੁਨੀਲ ਕੁਮਾਰ ਤੇ ਅਨਿਲ ਕੁਮਾਰ ਹਨ। ਸੁਨੀਲ ਕੁਮਾਰ 300 ਗ੍ਰਾਮ ਅਤੇ ਅਨਿਲ ਕੁਮਾਰ 1 ਕਿਲੋਗ੍ਰਾਮ ਹੈਰੋਇਨ ਸਣੇ ਫੜੇ ਜਾ ਚੁੱਕੇ ਹਨ। ਦੋਵੇਂ ਇਸ ਸਮੇਂ ਅੰਮ੍ਰਿਤਸਰ ਜੇਲ 'ਚ ਬੰਦ ਹਨ। ਉਨ੍ਹਾਂ ਦੇ ਗਾਹਕਾਂ ਨੂੰ ਬਾਅਦ 'ਚ ਸਾਲਾ ਨਸ਼ੇ ਦੀ ਸਪਲਾਈ ਕਰਨ ਲਗ ਪਿਆ। ਅਮਿਤ 2014 ਤੋਂ 2016 ਤੱਕ ਦੁਬਈ 'ਚ ਵਰਕ ਪਰਮਿਟ 'ਤੇ ਗਿਆ ਸੀ ਪਰ ਵਾਪਸ ਆ ਕੇ ਆਪਣੇ ਜੀਜਿਆਂ ਦਾ ਕੰਮ ਸੰਭਾਲ ਲਿਆ। ਪੁਲਸ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਬਰੀਕੀ ਨਾਲ ਜਾਂਚ ਤੇ ਪੁੱਛਗਿੱਛ ਕਰੇਗੀ।
ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਕਰੇਗੀ ਕਈ ਅਹਿਮ ਖੁਲਾਸੇ
ਇੰਸ. ਸੁਰਿੰਦਰਪਾਲ ਮੁਤਾਬਕ ਅਮਿਤ ਦਾ ਦੋਸਤ ਰਵੀ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੋਵੇਂ ਇਕੱਠੇ ਦਿੱਲੀ ਤੋਂ ਹੈਰੋਇਨ ਖਰੀਦ ਕੇ ਲਿਆ ਰਹੇ ਸਨ। ਇਨ੍ਹਾਂ ਦੇ ਸੰਪਰਕ 'ਚ ਜੇਲ ਵਿਚ ਬੰਦ ਦੋਵੇਂ ਸਾਂਢੂ ਅਤੇ ਇਕ ਹੋਰ ਨੌਜਵਾਨ ਹੈ, ਜੋ ਕਤਲ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਹੈ, ਜਿਨ੍ਹਾਂ ਨਾਲ ਲਗਾਤਾਰ ਇਨ੍ਹਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਹੈ। ਪੁਲਸ ਤਿੰਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਤਾਂ ਕਿ ਇਸ ਰੈਕੇਟ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ ਤੇ ਪਤਾ ਲਾਇਆ ਜਾ ਸਕੇ ਕਿ ਉਹ ਜੇਲ ਵਿਚ ਕਿਵੇਂ ਮੋਬਾਇਲ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਦੇ ਸੰਪਰਕ ਵਿਚ ਹਨ।
