ਸਕੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕਥਿਤ ਦੋਸ਼ੀ ਗ੍ਰਿਫਤਾਰ
Sunday, Jan 07, 2018 - 05:53 AM (IST)

ਅੱਪਰਾ(ਦੀਪਾ, ਭਾਖੜੀ)-ਬੀਤੇ ਦਿਨੀਂ ਸਵੇਰ ਸਮੇਂ ਵੱਡੇ ਭਰਾ ਦੀ ਪ੍ਰਸਿੱਧੀ ਤੋਂ ਬੌਖਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਛੋਟੇ ਭਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਐੱਸ. ਐੱਚ. ਓ. ਫਿਲੌਰ ਤੇ ਸਬ-ਇੰਸਪੈਕਟਰ ਜਤਿੰਦਰ ਕੁਮਾਰ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਕਥਿਤ ਦੋਸ਼ੀ ਸੁਰਜੀਤ ਕੁਮਾਰ ਉਰਫ ਨਾਣੂੰ ਪੁੱਤਰ ਗੁਰਚਰਨ ਦਾਸ ਵਾਸੀ ਮੁਹੱਲਾ ਟਿੱਬੇ ਵਾਲਾ ਅੱਪਰਾ ਨੂੰ ਅੱਜ ਲੋਹਗੜ੍ਹ ਗੇਟ ਅੱਪਰਾ ਦੇ ਨਜ਼ਦੀਕ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿਥੋਂ ਉਹ ਭੱਜਣ ਦੀ ਤਾਕ 'ਚ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਫਿਲੌਰ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਵਾਰਦਾਤ 'ਚ ਵਰਤਿਆ ਹਥਿਆਰ ਵੀ ਬਰਾਮਦ ਕੀਤਾ ਜਾਵੇਗਾ।
ਰਾਮ ਕ੍ਰਿਸ਼ਨ ਦੇ ਨਾਂ 'ਤੇ ਖੋਲ੍ਹੀ ਜਾਵੇਗੀ ਲਾਇਬ੍ਰੇਰੀ
ਇਸ ਮੌਕੇ ਜਾਣਕਾਰੀ ਦਿੰਦਿਆਂ ਭਾਈ ਸੋਹਣ ਸਿੰਘ ਖਾਲਸਾ, ਐਡਵੋਕੇਟ ਸੰਜੀਵ ਭੌਰਾ, ਰਜਿੰਦਰ ਸੰਧੂ, ਪਵਿੱਤਰ ਸਿੰਘ ਤੇ ਸਰਪੰਚ ਤਲਵੰਡੀ ਨੇ ਦੱਸਿਆ ਕਿ ਰਾਮ ਕ੍ਰਿਸ਼ਨ ਪਿਛਲੇ 30 ਸਾਲਾਂ ਤੋਂ ਪੁਰਾਤਨ, ਇਤਿਹਾਸਕ ਤੇ ਧਾਰਮਿਕ ਕਿਤਾਬਾਂ ਤੇ ਪੋਥੀਆਂ ਨੂੰ ਪੜ੍ਹਦਾ ਤੇ ਇਕੱਠਾ ਕਰਦਾ ਆ ਰਿਹਾ ਸੀ। ਉਸ ਦੀ ਇੱਛਾ ਅਨੁਸਾਰ ਉਸ ਦੀਆਂ ਕਿਤਾਬਾਂ ਦੇ ਸੰਗ੍ਰਹਿ ਨੂੰ ਉਸ ਦੇ ਨਾਂ 'ਤੇ ਇਕ ਲਾਇਬ੍ਰੇਰੀ ਬਣਾ ਕੇ ਲੋਕ ਅਰਪਿਤ ਕਰ ਦਿੱਤੀ ਜਾਵੇਗੀ।