ਐੱਸ. ਟੀ. ਐੱਫ. ਨੇ 5 ਕਿਲੋ ਅਫੀਮ ਸਣੇ 2 ਨੂੰ ਕੀਤਾ ਗ੍ਰਿਫਤਾਰ

11/22/2017 4:55:24 AM

ਲੁਧਿਆਣਾ(ਅਨਿਲ)– ਐੱਸ. ਟੀ. ਐੱਫ. ਨੇ ਬੀਤੀ ਰਾਤ 2 ਵਿਅਕਤੀਆਂ ਨੂੰ 5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਮੇਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਆਈ. ਜਸਪਾਲ ਸਿੰਘ ਦੀ ਪੁਲਸ ਪਾਰਟੀ ਨੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਧੌਲਾ ਦੇ ਟੀ-ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਇਕ ਸਫੈਦ ਰੰਗ ਦੀ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਹਾਲਾਂਕਿ ਚਾਲਕ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਘੇਰ ਲਿਆ। ਪੁਲਸ ਨੇ ਜਦ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚ ਇਕ ਪਲਾਸਟਿਕ ਦੇ ਲਿਫਾਫੇ 'ਚੋਂ 5 ਕਿਲੋ ਅਫੀਮ ਬਰਾਮਦ ਕੀਤੀ। ਪੁਲਸ ਨੇ ਦੋਵੇਂ ਕਾਰ ਸਵਾਰਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਲੱਖਾ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਕਰਨ ਵਿਹਾਰ ਕਾਲੋਨੀ ਕਰਨਾਲ (ਹਰਿਆਣਾ) ਅਤੇ ਰਾਕੇਸ਼ ਕੁਮਾਰ ਸੋਨੂੰ ਪੁੱਤਰ ਸੁਰਿੰਦਰ ਕੁਮਾਰ ਪਿੰਡ ਰਾਵਤ ਕਰਨਾਲ ਦੇ ਰੂਪ ਵਿਚ ਹੋਈ।
ਇਕ ਡੇਅਰੀ ਚਲਾਉਂਦਾ ਸੀ ਤਾਂ ਦੂਜਾ ਟੈਕਸੀ ਚਾਲਕ
ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਅਨੁਸਾਰ ਪੁੱਛਗਿਛ ਦੌਰਾਨ ਲੱਖਾ ਸਿੰਘ ਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਉਕਤ ਅਫੀਮ ਦੀ ਖੇਪ ਉੱਤਰ ਪ੍ਰਦੇਸ਼ ਤੋਂ ਨੇਤਾ ਨਾਮਕ ਵਿਅਕਤੀ ਕੋਲੋਂ ਲੈ ਕੇ ਆਏ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਅਫੀਮ ਦਾ ਕਾਰੋਬਾਰ ਕਰ ਰਹੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੱਖਾ ਸਿੰਘ ਡੇਅਰੀ ਦਾ ਕੰਮ ਕਰਦਾ ਹੈ ਤੇ ਰਾਕੇਸ਼ ਟੈਕਸੀ ਚਾਲਕ ਹੈ। ਇਸ ਦੌਰਾਨ ਦੋਵਾਂ ਦੀ ਨੇਤਾ ਨਾਮਕ ਵਿਅਕਤੀ ਨਾਲ ਜਾਣ-ਪਛਾਣ ਹੋਈ ਤੇ ਉਕਤ ਦੋਵੇਂ ਅਫੀਮ ਦਾ ਕਾਰੋਬਾਰ ਕਰਨ ਲੱਗ ਪਏ, ਜੋ ਕਿ ਪੰਜਾਬ 'ਚ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਸਨ।
80 ਹਜ਼ਾਰ ਦੀ ਲਿਆ ਕੇ 2 ਲੱਖ 'ਚ ਕਰਦੇ ਸਨ ਸਮੱਗਲਿੰਗ 
ਦੋਵੇਂ ਦੋਸ਼ੀਆਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਨੇਤਾ ਨਾਮਕ ਵਿਅਕਤੀ ਕੋਲੋਂ 80 ਹਜ਼ਾਰ ਰੁਪਏ ਕਿਲੋ 'ਚ ਅਫੀਮ ਲਿਆ ਕੇ ਇਥੇ 2 ਲੱਖ ਰੁਪਏ 'ਚ ਵੇਚਦੇ ਸਨ। ਦੋਵੇਂ ਪੰਜਾਬ ਦੇ ਇਲਾਵਾ ਹਰਿਆਣਾ ਦੇ ਕਈ ਇਲਾਕਿਆਂ 'ਚ ਗਾਹਕਾਂ ਨੂੰ ਭਾਰੀ ਮਾਤਰਾ 'ਚ ਅਫੀਮ ਦੀ ਸਪਲਾਈ ਕਰ ਚੁੱਕੇ ਹਨ। 
ਛਿੰਦਾ ਨਾਮਕ ਵਿਅਕਤੀ ਨੂੰ ਵੇਚਣ ਆਏ ਸਨ ਖੇਪ
ਹਰਬੰਸ ਸਿੰਘ ਅਨੁਸਾਰ ਜਾਂਚ ਦੌਰਾਨ ਦੋਵੇਂ ਦੋਸ਼ੀਆਂ ਨੇ ਦੱਸਿਆ ਕਿ ਉਹ 5 ਕਿਲੋ ਅਫੀਮ ਅੱਜ ਛਿੰਦਾ ਨਾਮਕ ਵਿਅਕਤੀ ਨੂੰ ਮੇਹਰਬਾਨ ਦੇ ਇਲਾਕੇ 'ਚ ਵੇਚਣ ਆਏ ਸਨ। ਉਹ ਫੋਨ 'ਤੇ ਰੇਟ ਤੈਅ ਕਰ ਕੇ ਗਾਹਕਾਂ ਨੂੰ ਅਫੀਮ ਪਹੁੰਚਾਉਂਦੇ ਸਨ ਪਰ ਅੱਜ ਐੱਸ. ਟੀ. ਐੱਫ. ਦੇ ਹੱਥੇ ਚੜ੍ਹ ਗਏ। ਦੋਸ਼ੀਆਂ ਨੇ ਜਿਸ ਵਿਅਕਤੀ ਨੂੰ ਅਫੀਮ ਦੀ ਸਪਲਾਈ ਕਰਨੀ ਸੀ, ਪੁਲਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸੋਨੂੰ 'ਤੇ ਮਧੁਵਨ ਥਾਣੇ 'ਚ ਲੜਾਈ-ਝਗੜੇ ਦਾ ਮਾਮਲਾ ਦਰਜ ਹੈ, ਜਿਸ 'ਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ।
ਮੁਲਜ਼ਮ 3 ਦਿਨ ਦੇ ਰਿਮਾਂਡ 'ਤੇ 
ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਦੋਵੇਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਉਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ।


Related News