ਪੁਲਸ ਮੁਲਾਜ਼ਮ ਜੀਜੇ ਦੀ ਚੋਰੀ ਕੀਤੀ ਪਿਸਤੌਲ ਸਣੇ 4 ਗ੍ਰਿਫਤਾਰ

Sunday, Oct 29, 2017 - 02:52 AM (IST)

ਲੁਧਿਆਣਾ(ਪੰਕਜ)- ਪੁਲਸ ਕਮਸ਼ਿਨਰ ਆਰ. ਐੱਨ. ਢੋਕੇ ਵੱਲੋਂ ਸ਼ਹਿਰ 'ਚ ਲਾਏ ਵਿਸ਼ੇਸ਼ ਨਾਕਿਆਂ ਦੌਰਾਨ ਡਾਬਾ ਪੁਲਸ ਨੂੰ ਲੋਹਾਰਾ ਪੁਲ ਤੋਂ ਰੋਕੀ ਇਕ ਬਲੈਰੋ ਗੱਡੀ 'ਚ ਸਵਾਰ 4 ਮੁਲਜ਼ਮਾਂ ਤੋਂ ਇਕ ਪਿਸਤੌਲ, ਕ੍ਰਿਪਾਨਾਂ, ਦਾਤ ਤੇ ਜ਼ਿੰਦਾ ਕਾਰਤੂਸ ਮਿਲੇ ਹਨ। ਆਪਣੇ ਪੁਲਸ ਮੁਲਾਜ਼ਮ ਜੀਜੇ ਦੇ ਚੋਰੀ ਕੀਤੇ ਪਿਸਤੌਲ ਸਮੇਤ ਗ੍ਰਿਫਤਾਰ ਮੁਲਜ਼ਮ ਨੇ ਜਦੋਂ ਨਾਕੇ ਤੋਂ ਭੱਜਣ ਦਾ ਯਤਨ ਕੀਤਾ ਤਾਂ ਜਾਨ ਹਥੇਲੀ 'ਤੇ ਰੱਖ ਕੇ ਹੈੱਡਕਾਂਸਟੇਬਲ ਨੇ ਉਸ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੋਹਾਰਾ ਪੁਲ 'ਤੇ ਕੀਤੀ ਨਾਕਾਬੰਦੀ ਦੌਰਾਨ ਜਦੋਂ ਉਨ੍ਹਾਂ ਨੇ ਇਕ ਬਲੈਰੋ ਗੱਡੀ ਨੰ. ਪੀ ਬੀ 10 ਈ ਐੱਲ 4375 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿਚ ਸਵਾਰ ਇਕ ਨੌਜਵਾਨ ਗੱਡੀ 'ਚੋਂ ਉਤਰ ਕੇ ਭੱਜ ਨਿਕਲਿਆ, ਜਿਸ ਦਾ ਪਿੱਛਾ ਕਰਦਿਆਂ ਹੈੱਡਕਾਂਸਟੇਬਲ ਕਸ਼ਮੀਰ ਸਿੰਘ ਨੇ ਉਸ ਨੂੰ ਫੜ ਲਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ ਮਿਲਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 2 ਕ੍ਰਿਪਾਨਾਂ, 1 ਦਾਤ ਤੇ 18 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਕਲਿਆਣ ਸਿੰਘ ਨਿਵਾਸੀ ਬਠਿੰਡਾ, ਸਾਹਿਲ ਵਾਲੀਆ ਨਿਵਾਸੀ ਹਰਗੋਬਿੰਦ ਨਗਰ ਲੁਧਿਆਣਾ, ਕੁਲਵਿੰਦਰ ਕਰਨ ਨਿਵਾਸੀ ਨਾਨੂਵਾਲ ਨਵਾਂਸ਼ਹਿਰ ਤੇ ਹਰਵਿੰਦਰ ਸਿੰਘ ਚਾਂਦ ਨਿਵਾਸੀ ਅੰਮ੍ਰਿਤਸਰ ਦੇ ਰੂਪ ਵਿਚ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਰਾਜਵਿੰਦਰ ਸਿੰਘ ਕਲਿਆਣ ਜੋ ਕਿ ਪੀ. ਏ. ਯੂ. ਦਾ ਵਿਦਿਆਰਥੀ ਹੈ, ਨੇ ਮੰਨਿਆ ਕਿ ਬਰਾਮਦ ਪਿਸਤੌਲ ਉਸ ਦੇ ਜੀਜੇ ਜਰਨੈਲ ਸਿੰਘ ਦਾ ਹੈ, ਜੋ ਕਿ ਬਰਨਾਲਾ ਪੁਲਸ ਵਿਚ ਤਾਇਨਾਤ ਹੈ। ਉਸ ਨੇ ਮੌਕਾ ਪਾ ਕੇ ਉਸ ਦਾ ਪਿਸਤੌਲ ਚੋਰੀ ਕੀਤਾ ਸੀ। ਨਾਲ ਹੀ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਹ ਨਾਜਾਇਜ਼ ਰੇਤ ਦੇ ਧੰਦੇ ਵਿਚ ਸ਼ਾਮਲ ਹਨ। ਮੁਲਜ਼ਮਾਂ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਸੀ. ਪੀ. ਢੋਕੇ ਦੀ ਸਖਤੀ ਅੱਗੇ ਅਸਫਲ ਸਾਬਤ ਹੋਈਆਂ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News