ਚੋਰ ਗਿਰੋਹ ਦਾ ਇਕ ਮੈਂਬਰ 7 ਮੋਬਾਇਲਾਂ ਸਣੇ ਅੜਿੱਕੇ
Wednesday, Oct 25, 2017 - 12:52 AM (IST)
ਜ਼ੀਰਾ(ਗੁਰਮੇਲ)—ਪਿਛਲੇ ਦਿਨੀਂ ਕੱਕੜ ਟੈਲੀਕਾਮ ਜ਼ੀਰਾ ਵਿਖੇ ਮੋਬਾਇਲ ਚੋਰੀ ਦੇ ਇਕ ਦੋਸ਼ੀ ਨੂੰ ਜ਼ੀਰਾ ਪੁਲਸ ਨੇ ਚੋਰੀ ਕੀਤੇ 7 ਮੋਬਾਇਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਬਾਕੀ ਉਸ ਦੇ 2 ਸਾਥੀਆਂ ਦੀ ਪੁਲਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਐੱਸ. ਐੱਚ. ਓ. ਥਾਣਾ ਸਿਟੀ ਨੇ ਦੱਸਿਆ ਕਿ 22 ਸਤੰਬਰ 2017 ਨੂੰ ਕੱਕੜ ਟੈਲੀਕਾਮ ਜ਼ੀਰਾ ਵਿਖੇ ਮੋਬਾਇਲਾਂ ਦੀ ਚੋਰੀ ਹੋਈ ਸੀ। ਇਸ ਸਬੰਧੀ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਜੁਗਰਾਜ ਸਿੰਘ ਉਰਫ਼ ਜੀਤੂ ਪੁੱਤਰ ਗੱਜਣ ਸਿੰਘ ਵਾਸੀ ਜੈਮਲ ਵਾਲਾ ਫ਼ਿਰੋਜ਼ਪੁਰ ਜਾਣ ਲਈ ਬੱਸ ਸਟੈਂਡ ਮੱਲਾਂਵਾਲਾ ਵਿਚ ਖੜ੍ਹਾ ਹੈ, ਜਿਸ ਕੋਲ ਚੋਰੀ ਦੇ ਸੱਤ ਮੋਬਾਇਲ ਹਨ, ਜਿਸ ਨੂੰ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਕਾਬੂ ਕਰ ਲਿਆ ਅਤੇ ਇਸ ਮਾਮਲੇ 'ਚ 2 ਹੋਰ ਦੋਸ਼ੀਆਂ ਅਕਾਸ਼ ਪੁੱਤਰ ਬੋਹੜ ਸਿੰਘ ਅਤੇ ਵਿੱਕੀ ਪੁੱਤਰ ਪਰੇਮ ਸਿੰਘ ਵਾਸੀ ਵੀਰ ਕੇ (ਫ਼ਿਰੋਜ਼ਪੁਰ) ਦੀ ਪੁਲਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸੁਖਦੇਵ ਸਿੰਘ ਮੁੱਖ਼ ਮੁਨਸ਼ੀ, ਹੌਲਦਾਰ ਨਰੇਸ਼ ਕੁਮਾਰ, ਸੁਖਦੇਵ ਸਿੰਘ, ਕਰਮਜੀਤ ਸਿੰਘ ਆਦਿ ਮੌਜੂਦ ਸਨ।
