ਸੀ. ਆਈ. ਏ. ਸਟਾਫ ਨੇ ਇਕ ਹੋਰ ਗੈਂਗਸਟਰ ਕੀਤਾ ਕਾਬੂ
Thursday, Oct 05, 2017 - 05:00 AM (IST)
ਜਲੰਧਰ(ਪ੍ਰੀਤ)—ਜੇਲਾਂ ਵਿਚ ਬੰਦ ਖਤਰਨਾਕ ਗੈਂਗਸਟਰਾਂ ਨੂੰ ਭਜਾਉਣ 'ਤੇ ਕੰਮ ਕਰਨ ਵਾਲੇ ਇਕ ਹੋਰ ਗੈਂਗਸਟਰ ਨੂੰ ਸੀ. ਆਈ. ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਹਰਵਿੰਦਰ ਸਿੰਘ ਉਰਫ ਦਾਰਾ ਵਾਸੀ ਗੜ੍ਹੀਬਖਸ਼ ਕਰਤਾਰਪੁਰ ਦੇ 5 ਸਾਥੀ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਮੁਲਜ਼ਮ ਹਰਵਿੰਦਰ ਸਿੰਘ ਕੋਲੋਂ ਪੁੱਛਗਿੱਛ ਲਈ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਜਲੰਧਰ ਦਿਹਾਤੀ ਦੇ ਸੀ. ਆਈ. ਏ. ਸਟਾਫ ਦੇ ਇੰਸ. ਹਰਿੰਦਰ ਸਿੰਘ ਗਿੱਲ ਦੀ ਟੀਮ ਨੇ ਕਾਲਾ ਵਾਸੀ ਗੁੰਮਟੀ ਕਲਾਂ ਬਠਿੰਡਾ, ਜਸਵਿੰਦਰ ਸਿੰਘ ਵਾਸੀ ਮੈਰੀਪੁਰ ਕਪੂਰਥਲਾ, ਦਲਜੀਤ ਸਿੰਘ ਵਾਸੀ ਕੋਠਾ ਗੁਰੂ ਬਠਿੰਡਾ, ਭੁਪਿੰਦਰ ਸਿੰਘ ਵਾਸੀ ਮੈਰੀਪੁਰ ਤੇ ਜਸਪ੍ਰੀਤ ਜੱਸਾ ਵਾਸੀ ਆਦਮਪੁਰ ਨੂੰ ਗ੍ਰਿਫਤਾਰ ਕਰ ਕੇ ਨਾਜਾਇਜ਼ ਅਸਲਾ, ਕਾਰਤੂਸ ਤੇ ਲੁੱਟ ਦੀ ਕਾਰ ਬਰਾਮਦ ਕੀਤੀ ਸੀ। ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਬੀਤੇ ਦਿਨ ਇੰਸ. ਹਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਟੀਮ ਨੇ ਕਰਤਾਰਪੁਰ ਏਰੀਏ ਤੋਂ ਗਿਰੋਹ ਦੇ ਫਰਾਰ ਗੈਂਗਸਟਰ ਹਰਵਿੰਦਰ ਸਿੰਘ ਉਰਫ ਦਾਰਾ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਹਰਵਿੰਦਰ ਦਾਰਾ ਵੀ ਜੇਲ ਵਿਚ ਬੰਦ ਗੁਰਪ੍ਰੀਤ ਸ਼ੇਖੋਂ ਤੇ ਚੰਨਪ੍ਰੀਤ ਚੰਨਾ ਲਈ ਕੰਮ ਕਰਦਾ ਤੇ ਜੇਲ ਵਿਚ ਬੰਦ ਗੈਂਗਸਟਰ ਰਮਨਦੀਪ ਰਮੀ ਨੂੰ ਜੇਲ ਤੋਂ ਭਜਾਉਣ ਦੀ ਸਾਜ਼ਿਸ਼ ਰਚੀ ਸੀ। ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਵਿਚ ਹੋਰ ਗੈਂਗਸਟਰਾਂ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
