ਮੱਧ ਪ੍ਰਦੇਸ਼ ਤੋਂ ਡਰਾਈਵਰਾਂ ਨਾਲ ਮਿਲ ਕੇ ਟਰੱਕ ''ਚ ਲਿਆਉਂਦਾ ਸੀ ਭੁੱਕੀ
Wednesday, Oct 04, 2017 - 06:02 AM (IST)
ਸਾਹਨੇਵਾਲ(ਜ.ਬ.)-ਆਪਣੇ ਡਰਾਈਵਰਾਂ ਰਾਹੀਂ ਮੱਧ ਪ੍ਰਦੇਸ਼ ਤੋਂ ਭੁੱਕੀ ਸਸਤੇ ਰੇਟਾਂ 'ਤੇ ਕਥਿਤ ਮੰਗਵਾ ਕੇ ਇਧਰ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਨ ਵਾਲੇ ਇਕ ਟਰੱਕ ਮਾਲਕ ਅਤੇ ਉਸ ਦੇ ਦੋ ਡਰਾਈਵਰਾਂ ਨੂੰ ਚੌਕੀ ਕਟਾਣੀ ਕਲਾਂ ਦੀ ਪੁਲਸ ਨੇ ਲਗਭਗ 54 ਕਿਲੋ 500 ਗ੍ਰਾਮ ਭੁੱਕੀ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਸਮੇਤ ਕਟਾਣੀ ਕਲਾਂ ਚੌਕ 'ਚ ਨਾਕਾਬੰਦੀ 'ਤੇ ਸਨ। ਇਸ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਇਕ ਵਿਅਕਤੀ ਆਪਣੇ ਟਰੱਕ 'ਚ ਦੋ ਡਰਾਈਵਰਾਂ ਸਮੇਤ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਮਾਲ ਢੋਹਣ ਦੀ ਆੜ 'ਚ ਭੁੱਕੀ ਦੇ ਖੇਪ ਲਿਆ ਕੇ ਇਧਰ ਸਪਲਾਈ ਕਰਦਾ ਹੈ, ਜਿਸ 'ਤੇ ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰ ਦਿੱਤੀ, ਜਿਸ 'ਤੇ ਉਨ੍ਹਾਂ ਨੇ ਸਮਰਾਲਾ ਵਾਲੀ ਸਾਈਡ ਤੋਂ ਆ ਰਹੇ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਟਰੱਕ ਨੂੰ ਚਲਾ ਰਹੇ ਵਿਅਕਤੀ ਨੇ ਆਪਣਾ ਨਾਂ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਰਸੂਲੜਾ, ਕਲੀਂਡਰ ਸਾਈਡ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਮਨਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਘੁਰਾਲਾ ਵਾਸੀ ਪਿੰਡ ਮਕਸੂਦੜਾ, ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਗੁਰਤੇਜ਼ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਘੁਰਾਲਾ, ਥਾਣਾ ਪਾਇਲ ਦੇ ਰੂਪ 'ਚ ਦੱਸਿਆ। ਜਦੋਂ ਜ਼ਾਬਤੇ ਅਨੁਸਾਰ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਡਾਲੇ ਨਾਲ ਰੱਖੇ ਗਏ ਡੱਬਿਆਂ ਦੀ ਧਾਂਕ 'ਚੋਂ ਪਲਾਸਟਿਕ ਦੇ 3 ਥੈਲਿਆਂ 'ਚੋਂ ਭੁੱਕੀ, ਵਜ਼ਨ 54 ਕਿਲੋ 500 ਗ੍ਰਾਮ, ਬਰਾਮਦ ਹੋਈ ਜਿਸ 'ਤੇ ਪੁਲਸ ਨੇ ਤੁਰੰਤ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਟਰੱਕ ਦਾ ਮਾਲਕ ਗੁਰਤੇਜ਼ ਸਿੰਘ ਹੈ ਜੋ ਆਪਣੇ ਦੋਵਾਂ ਸਾਥੀ ਡਰਾਈਵਰਾਂ ਦੇ ਨਾਲ ਮਿਲ ਕੇ ਮੱਧ ਪ੍ਰਦੇਸ਼ ਦੇ ਇਲਾਕੇ 'ਚੋਂ ਸਸਤੇ ਰੇਟਾਂ 'ਤੇ ਭੁੱਕੀ ਲਿਆਉਂਦਾ ਸੀ ਅਤੇ ਇਧਰ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦਾ ਸੀ, ਜਿਸ 'ਚੋਂ ਕੁਝ ਹਿੱਸਾ ਆਪਣੇ ਉਕਤ ਦੋਵਾਂ ਡਰਾਈਵਰਾਂ ਨੂੰ ਦੇ ਦਿੰਦਾ ਸੀ। ਤਿੰਨਾਂ ਖਿਲਾਫ ਪੁਲਸ ਨੇ ਥਾਣਾ ਕੂੰਮ ਕਲਾਂ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਪਾਸੋਂ ਹੋਰ ਕਈ ਅਹਿਮ ਸੁਰਾਗ ਲੱਗਣ ਦੀ ਵੀ ਆਸ ਹੈ।
