ਚੋਰੀ ਦੇ ਸਾਮਾਨ ਸਣੇ ਜੀ. ਆਰ. ਪੀ. ਨੇ ਕੀਤਾ ਕਾਬੂ
Wednesday, Sep 20, 2017 - 02:50 AM (IST)

ਲੁਧਿਆਣਾ(ਵਿਪਨ)-ਯਾਤਰੀ ਦੇ ਚੋਰੀ ਕੀਤੇ ਮੋਬਾਇਲ ਫੋਨ ਅਤੇ ਹੋਰ ਸਾਮਾਨ ਸਣੇ ਇਕ ਦੋਸ਼ੀ ਨੂੰ ਰੇਲਵੇ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਇਕ ਦੋਸ਼ੀ ਦੇ ਰੇਲਵੇ ਸਟੇਸ਼ਨ 'ਤੇ ਘੁੰਮਦੇ ਹੋਣ ਸਬੰਧੀ ਗੁਪਤ ਸੂਚਨਾ ਮਿਲਣ 'ਤੇ ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਪੁਲਸ ਪਾਰਟੀ ਨੂੰ ਦੋਸ਼ੀ ਨੂੰ ਫੜਨ ਲਈ ਰਵਾਨਾ ਕੀਤਾ ਗਿਆ, ਜਿਨ੍ਹਾਂ ਨੇ ਪਲੇਟਫਾਰਮ 6 ਤੇ 7 'ਤੇ ਛਾਪਾਮਾਰੀ ਕੀਤੀ ਤਾਂ ਉਥੇ ਦੋਸ਼ੀ ਨੇ ਪੁਲਸ ਆਉਂਦੀ ਦੇਖ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਵੱਲੋਂ ਵਰਤੀ ਗਈ ਮੁਸਤੈਦੀ ਕਾਰਨ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 3 ਮੋਬਾਇਲ ਫੋਨ ਅਤੇ ਇਕ ਮਹਿੰਗਾ ਆਈਪੈਡ ਬਰਾਮਦ ਕਰ ਲਿਆ ਗਿਆ, ਜਿਸ 'ਤੇ ਉਸ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਜਿਸ ਦੀ ਪਛਾਣ ਬਿਹਾਰ ਦੇ ਜ਼ਿਲਾ ਸੁਪੈਲ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਬਰਾਮਦ ਕੀਤਾ ਗਿਆ ਫੋਨ ਪਠਾਨਕੋਟ ਨਿਵਾਸੀ ਅਨਿਲ ਸੈਣੀ ਦਾ ਹੈ, ਜੋ ਯਾਤਰਾ ਦੌਰਾਨ ਹੇਮਕੁੰਟ ਐਕਸਪ੍ਰੈੱਸ 'ਚ ਚਾਰਜਿੰਗ 'ਤੇ ਲੱਗਿਆ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਕਈ ਵਾਰਦਾਤਾਂ ਨੂੰ ਪਹਿਲਾਂ ਅੰਜਾਮ ਦੇ ਚੁੱਕਾ ਹੈ, ਜਿਸ ਕਾਰਨ ਉਸ 'ਤੇ ਪਹਿਲਾਂ ਵੀ ਆਈ. ਪੀ. ਸੀ. ਦੀ ਧਾਰਾ 379,411 ਤਹਿਤ ਮਾਮਲਾ ਦਰਜ ਹੈ ਅਤੇ 18 ਸਤੰਬਰ ਨੂੰ ਵੀ ਦੋਸ਼ੀ 'ਤੇ ਫਿਰ ਧਾਰਾ 379,411 ਤਹਿਤ ਮਾਮਲਾ ਦਰਜ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਦੋਸ਼ੀ ਤੋਂ ਅੱਗੇ ਪੁੱਛਗਿੱਛ ਦੌਰਾਨ ਇਨ੍ਹਾਂ ਮਾਮਲਿਆਂ 'ਚ ਦੋਸ਼ੀ ਦੇ ਨਾਲ ਹੋਰ ਕਿਹੜੇ ਲੋਕਾਂ ਦੀ ਸ਼ਮੂਲੀਅਤ ਹੈ। ਇਸ ਗੱਲ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇਗਾ।