ਪੁਲਸ ਨੇ ਹੈਰੋਇਨ ਸਣੇ 3 ਨੂੰ ਕੀਤਾ ਗ੍ਰਿਫਤਾਰ

Tuesday, Sep 19, 2017 - 12:41 AM (IST)

ਪੁਲਸ ਨੇ ਹੈਰੋਇਨ ਸਣੇ 3 ਨੂੰ ਕੀਤਾ ਗ੍ਰਿਫਤਾਰ

ਮੱਖੂ(ਵਾਹੀ, ਧੰਜੂ, ਕੁਮਾਰ)—ਪੁਲਸ ਥਾਣਾ ਮੱਖੂ ਵੱਲੋਂ ਇਲਾਕੇ ਵਿਚ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕੱਸੇ ਜਾ ਰਹੇ ਸ਼ਿਕੰਜੇ ਦੀ ਲੜੀ ਤਹਿਤ ਬੀਤੀ ਸ਼ਾਮ ਹੈਰੋਇਨ ਸਮੇਤ 2 ਔਰਤਾਂ ਅਤੇ 1 ਪੁਰਸ਼ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਮੱਖੂ ਦੇ ਮੁੱਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਏ. ਐੱਸ. ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ ਕਿ ਮੱਖੂ-ਜਲੰਧਰ ਰੋਡ 'ਤੇ ਪਿੰਡ ਡਿੱਬਵਾਲਾ ਵੱਲੋਂ ਆ ਰਹੇ ਮੋਟਰਸਾਈਕਲ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਤੇ ਉਸ ਦੇ ਪਿਛੇ 2 ਔਰਤਾਂ ਬੈਠੀਆਂ ਸਨ। ਉਹ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੋ ਰੋਕ ਕੇ ਤਲਾਸ਼ੀ ਲਈ ਤਾਂ ਮੋਟਰਸਾਈਕਲ ਚਾਲਕ ਬਲਵੀਰ ਸਿੰਘ ਬੱਬੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਲੰਢੇਕੇ ਵਿਲਾ ਮੋਗਾ ਕੋਲੋਂ 3 ਗ੍ਰਾਮ, ਔਰਤਾਂ ਦੀ ਤਲਾਸ਼ੀ ਦੌਰਾਨ ਅਮਨਦੀਪ ਕੌਰ ਪਤਨੀ ਬਲਵੀਰ ਸਿੰਘ ਵਾਸੀ ਲੰਢੇਕੇ ਜ਼ਿਲਾ ਮੋਗਾ ਕੋਲੋਂ 2 ਗ੍ਰਾਮ ਹੈਰੋਇਨ ਤੇ ਕੁਲਦੀਪ ਕੌਰ ਪਤਨੀ ਗੁਰਮੇਜ਼ ਸਿੰਘ ਵਾਸੀ ਰੰਗਾਂ ਟਿੱਬੀ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕੇ ਅਖ਼ਬਾਰਾਂ ਵਿਚ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਅਦ ਪੁਲਸ ਵੱਲੋਂ ਛੋਟੀਆਂ ਮੱਛੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਛੋਟੇ ਸਮੱਗਲਰਾਂ ਨੂੰ ਚਿੱਟਾ ਸਪਲਾਈ ਕਰਨ ਵਾਲੇ ਵੱਡੇ ਤਸਕਰ ਅਜੇ ਤੱਕ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ ਤੇ ਵੇਖਣਾ ਬਣਦਾ ਹੈ ਕੇ ਵੱਡੀਆਂ ਮੱਛੀਆਂ ਕਦੋਂ ਕਾਬੂ ਆਉਣਗੀਆਂ। 
 


Related News