ਮਹਿਲਾ ਨਾਲ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਵਾਲਾ ਕਾਂਗਰਸੀ ਆਗੂ ਗ੍ਰਿਫਤਾਰ
Sunday, Sep 17, 2017 - 04:03 AM (IST)
ਲੁਧਿਆਣਾ(ਪੰਕਜ)-ਘਰ 'ਚ ਦਾਖਲ ਹੋ ਕੇ ਮਹਿਲਾ ਨਾਲ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਕਥਿਤ ਕਾਂਗਰਸੀ ਆਗੂ ਨੂੰ ਡਾਬਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਪੀੜਤ ਮਹਿਲਾ ਨਾਲ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ। ਥਾਣਾ ਡਾਬਾ ਅਧੀਨ ਆਉਂਦੇ ਗੁਰੂ ਨਾਨਕ ਨਗਰ ਨਿਵਾਸੀ ਮਹਿਲਾ ਦਲਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸਦਾ ਕਥਿਤ ਕਾਂਗਰਸੀ ਆਗੂ ਇੰਦਰਜੀਤ ਸੈਣੀ ਨਾਲ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ, ਜੋ ਕਿ ਅਦਾਲਤ ਵਿਚ ਵਿਚਾਰ ਅਧੀਨ ਹੈ। ਸ਼ੁੱਕਰਵਾਰ ਰਾਤ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਉਸ ਦੇ ਘਰ ਵਿਚ ਦਾਖਲ ਹੋਇਆ ਅਤੇ ਉਸ ਨਾਲ ਕੁੱਟਮਾਰ ਕਰ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਨੇ ਉਸ ਨੂੰ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਪੀੜਤਾ ਨੇ ਦੱਸਿਆ ਕਿ ਅਚਾਨਕ ਉਸਦੇ ਹੱਥ ਵਿਚ ਬੈਟ ਆ ਗਿਆ ਤੇ ਉਸਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਮੁਲਜ਼ਮ ਦੇ ਚੁੰਗਲ 'ਚੋਂ ਬਚਾਅ ਕੇ ਰੌਲਾ ਪਾ ਦਿੱਤਾ ਅਤੇ ਗਲੀ ਵੱਲ ਭੱਜ ਗਈ। ਮੁਲਜ਼ਮ ਫਿਰ ਉਸ ਦੇ ਪਿੱਛੇ ਆ ਗਿਆ। ਰੋਕਣ 'ਤੇ ਮੁਲਜ਼ਮ ਨੇ ਗੁਰਦੇਵ ਸਿੰਘ ਨੂੰ ਬੈਟ ਮਾਰ ਕੇ ਜ਼ਖਮੀ ਵੀ ਕਰ ਦਿੱਤਾ। ਇਸ ਦੌਰਾਨ ਉਹ ਬੇਹੋਸ਼ ਹੋ ਗਈ, ਜਿਸ ਨੂੰ ਲੋਕਾਂ ਨੇ ਹਸਪਤਾਲ ਵਿਚ ਭਰਤੀ ਕਰਵਾਇਆ। ਘਟਨਾ ਦਾ ਪਤਾ ਲੱਗਣ 'ਤੇ ਪਹੁੰਚੀ ਪੁਲਸ ਨੂੰ ਵੀ ਮੁਲਜ਼ਮ ਉਲਟਾ ਧਮਕਾਉਂਦਾ ਰਿਹਾ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
