ਲੜਕੀ ਨੂੰ ਅਗਵਾ ਕਰਨ ਵਾਲਾ ਨਿਹੰਗ ਸਿੰਘ ਮਾਸੀ ਸਣੇ ਗ੍ਰਿਫਤਾਰ
Tuesday, Sep 12, 2017 - 06:29 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪੁਲਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨਿਹੰਗ ਸਿੰਘ ਤੇ ਉਸਦੀ ਮਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਨਿਹੰਗ ਸਿੰਘ ਨੇ ਲੜਕੀ ਨੂੰ ਅਗਵਾ ਕਰਨ ਲਈ ਪਿੰਡ ਦੇ ਕੁਝ ਲੋਕਾਂ 'ਤੇ ਪੈਸੇ ਦੇਣ ਦਾ ਕਥਿਤ ਤੌਰ 'ਤੇ ਦੋਸ਼ ਲਾਇਆ। ਲੜਕੀ ਦੇ ਪਿਤਾ ਨੇ ਵੀ ਸਕੂਲ ਪ੍ਰਬੰਧਕਾਂ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਕੇਸ਼ ਛਿੱਬਰ ਨੇ ਦੱਸਿਆ ਕਿ ਪਿੰਡ ਹਮੀਦੀ ਦੀ 8ਵੀਂ ਕਲਾਸ ਵਿਚ ਪੜ੍ਹਨ ਵਾਲੀ ਜਸਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਹਮੀਦੀ ਨੂੰ ਪਿੰਡ ਵਿਚ ਗੱਤਕਾ ਸਿਖਾਉਣ ਵਾਲਾ ਗਗਨਦੀਪ ਸਿੰਘ 4 ਸਤੰਬਰ ਨੂੰ ਅਗਵਾ ਕਰ ਕੇ ਲੈ ਗਿਆ ਸੀ। ਗਗਨਦੀਪ ਲੜਕੀ ਨੂੰ ਡਰਾ ਧਮਕਾ ਕੇ ਹਫਤਾ ਭਰ ਰਾਜਸਥਾਨ ਦੇ ਖੇਤਰ ਵਿਚ ਘੁੰਮਾਉਂਦਾ ਰਿਹਾ ਤੇ ਬੀਤੇ ਦਿਨੀਂ ਉਸ ਨੂੰ ਪਟਿਆਲਾ ਜ਼ਿਲੇ ਦੇ ਪਿੰਡ ਅਜਨੋਦਾ 'ਚ ਨਿਹੰਗ ਸਿੰਘ ਦੀ ਮਾਸੀ ਸੁਖਵਿੰਦਰ ਕੌਰ ਉਰਫ ਸੁੱਖੋ ਪਤਨੀ ਹਾਕਮ ਸਿੰਘ ਦੇ ਘਰੋਂ ਬਰਾਮਦ ਕਰ ਲਿਆ ਸੀ।
