2 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਚੜ੍ਹਿਆ ਵਿਜੀਲੈਂਸ ਦੇ ਹੱਥੇ

08/31/2017 4:13:58 AM

ਲੁਧਿਆਣਾ (ਰਿਸ਼ੀ)–ਬੈਂਕ ਤੋਂ ਲੋਨ ਕਰਵਾਉਣ ਲਈ ਪਟਵਾਰੀ ਕੋਲ ਪਿੰਡ ਲਲਤੋਂ ਦੀ ਇਕ ਪ੍ਰਾਪਰਟੀ ਦਾ 30 ਸਾਲ ਦਾ ਰਿਕਾਰਡ ਲੈਣ ਲਲਤੋਂ ਪਟਵਾਰਖਾਨਾ ਗਏ ਵਿਅਕਤੀ ਤੋਂ ਪਟਵਾਰੀ ਨੇ ਰਿਸ਼ਵਤ ਦੀ ਮੰਗ ਕੀਤੀ। ਪੈਸੇ ਦੇਣ ਦੀ ਬਜਾਏ ਡੇਹਲੋਂ ਦੇ ਰਹਿਣ ਵਾਲੇ ਮਨਵਿੰਦਰ ਸਿੰਘ ਵਿਜੀਲੈਂਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਬੁੱਧਵਾਰ ਨੂੰ 2 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਦਿੰਦੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਪਟਵਾਰੀ ਦੀ ਪਛਾਣ ਬਲਦੇਵ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨਵਿੰਦਰ ਨੇ ਦੱਸਿਆ ਕਿ ਉਸ ਨੇ ਪਿੰਡ ਲਲਤੋਂ 'ਚ ਇਕ 100 ਵਰਗ ਗਜ਼ ਦੇ ਪਲਾਟ ਦਾ ਸੌਦਾ ਬੀਤੀ 21 ਅਗਸਤ ਨੂੰ 4 ਲੱਖ ਰੁਪਏ 'ਚ ਕੀਤਾ ਸੀ ਅਤੇ ਬਿਆਨੇ ਦੇ ਤੌਰ 'ਤੇ 1 ਲੱਖ ਰੁਪਏ ਪਹਿਲਾਂ ਦੇ ਦਿੱਤੇ। ਬਾਕੀ ਦੇ ਪੈਸੇ ਦੇਣ ਲਈ ਜਦ ਉਹ ਬੈਂਕ ਲੋਨ ਕਰਵਾਉਣ ਪਹੁੰਚਿਆਂ ਤਾਂ ਬੈਂਕ ਵੱਲੋਂ ਪ੍ਰਾਪਰਟੀ ਦਾ ਪਿਛਲੇ 30 ਸਾਲਾਂ ਦਾ ਰਿਕਾਰਡ ਮੰਗਿਆ ਗਿਆ। ਜਿਸ ਦੇ ਬਾਅਦ ਜਦ ਉਹ ਬੀਤੀ 24 ਅਗਸਤ ਨੂੰ ਉਕਤ ਦੋਸ਼ੀ ਪਟਵਾਰੀ ਕੋਲ ਰਿਕਾਰਡ ਲੈਣ ਗਿਆ ਤਾਂ ਉਹ ਉਸ ਨੂੰ ਪਹਿਲਾਂ ਟਾਲ ਮਟੋਲ ਕਰਨ ਲੱਗ ਪਿਆ ਅਤੇ ਬਾਅਦ ਵਿਚ 3 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸ ਨੇ 1 ਹਜ਼ਾਰ ਰੁਪਏ ਪਹਿਲਾਂ ਦਿੱਤੇ ਅਤੇ ਅੱਜ 2 ਹਜ਼ਾਰ ਰੁਪਏ ਰਿਸ਼ਵਤ ਦੇ ਕੇ ਕਾਗਜ਼ਾਤ ਲੈਣੇ ਸੀ, ਜਿਸ ਨੂੰ ਵਿਜੀਲੈਂਸ ਦੀ ਪੁਲਸ ਨੇ ਅੱਜ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਗ੍ਰਿਫਤਾਰ ਕਰ ਲਿਆ। 


Related News