ਪਰਚਾ ਦਰਜ ਹੋਣ ਤੋਂ 22 ਦਿਨਾਂ ਬਾਅਦ ਵੀ ਪੁਲਸ ਸਰਪੰਚ ਨੂੰ ਗ੍ਰਿਫਤਾਰ ਕਰਨ 'ਚ ਅਸਫਲ

08/25/2017 7:07:10 AM

ਸ਼ਹਿਣਾ(ਸਿੰਗਲਾ)— ਗ੍ਰਾਂਟਾਂ 'ਚ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਸ਼ਹਿਣਾ ਦੇ ਅਕਾਲੀ ਸਰਪੰਚ 'ਤੇ ਪਰਚਾ ਦਰਜ ਹੋਏ ਨੂੰ 22 ਦਿਨ ਹੋ ਚੁੱਕੇ ਹਨ ਪਰ ਸ਼ਹਿਣਾ ਥਾਣੇ ਦੀ ਪੁਲਸ ਸਰਪੰਚ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਕਸਬੇ ਨੂੰ ਆਈਆਂ ਪੰਚਾਇਤੀ ਗ੍ਰਾਂਟਾਂ 'ਚ ਹੋਈ ਹੇਰ ਫ਼ੇਰ 'ਤੇ ਕਾਰਵਾਈ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤ ਸਕੱਤਰ ਲਾਭ ਸਿੰਘ, ਬੀ.ਡੀ.ਓ. ਬੂਟਾ ਸਿੰਘ ਨੂੰ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਸੀ ਅਤੇ ਮੁਅੱਤਲ ਕੀਤੇ ਅਧਿਕਾਰੀਆਂ ਸਣੇ ਸ਼ਹਿਣਾ ਦੇ ਅਕਾਲੀ ਸਰਪੰਚ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਪੰਚ ਗੁਰਵਿੰਦਰ ਸਿੰਘ ਖਿਲਾਫ਼ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਸੁਖਵਿੰਦਰ ਸਿੰਘ ਸਿੱਧੂ ਨੇ ਜਾਂਚ ਕਮੇਟੀ ਬਣਾ ਕੇ ਜਾਂਚ ਕੀਤੀ ਸੀ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਰਿਪੋਰਟ ਭੇਜੀ ਸੀ। ਡੀ.ਸੀ. ਵੱਲੋਂ ਐੱਸ.ਐੱਸ.ਪੀ. ਬਰਨਾਲਾ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਥਾਣਾ ਸ਼ਹਿਣਾ ਵਿਖੇ ਸਰਕਾਰੀ ਗ੍ਰਾਂਟ 'ਚ ਗਬਨ ਕਰਨ ਦੇ ਦੋਸ਼ਾਂ ਅਧੀਨ ਸ਼ਹਿਣਾ ਦੇ ਅਕਾਲੀ ਸਰਪੰਚ ਸਣੇ ਚਾਰ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ। 3 ਅਗਸਤ ਨੂੰ ਪਰਚਾ ਦਰਜ ਕੀਤਾ ਗਿਆ ਸੀ ਅਤੇ ਅਜੇ ਤਕ ਸਰਪੰਚ ਨੂੰ ਕਾਬੂ ਕਰਨ ਵਿਚ ਪੁਲਸ ਅਸਫ਼ਲ ਰਹੀ ਹੈ। ਇਸ ਸਬੰਧੀ ਕਾਂਗਰਸ ਕਿਸਾਨ ਖੇਤ ਮਜ਼ਦੂਰ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਇਹ ਮਾਮਲਾ ਕਾਂਗਰਸ ਹਾਈਕਮਾਨ ਦੇ ਧਿਆਨ ਵਿਚ ਲਿਆ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸ਼ਹਿਣਾ ਥਾਣਾ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਸਰਪੰਚ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।


Related News