ਪੈਰੋਲ ''ਤੇ ਆਏ ਦੋਸ਼ੀ ਵੱਲੋਂ ਵਾਪਸ ਜੇਲ ਨਾ ਜਾਣ ''ਤੇ ਇਕ ਸਾਲ ਬਾਅਦ ਪੁਲਸ ਨੇ ਕੀਤਾ ਕਾਬੂ
Thursday, Aug 24, 2017 - 02:18 AM (IST)
ਤਲਵੰਡੀ ਸਾਬੋ(ਮੁਨੀਸ਼)-ਭੁੱਕੀ ਦੇ ਕੇਸ 'ਚ ਸਜ਼ਾ ਕੱਟ ਰਹੇ ਪੈਰੋਲ 'ਤੇ ਆਏ ਦੋਸ਼ੀ ਵੱਲੋਂ ਵਾਪਸ ਜੇਲ ਨਾ ਜਾਣ 'ਤੇ ਦਰਜ ਮਾਮਲੇ 'ਚ ਸੀਗੋ ਚੌਕੀ ਦੀ ਪੁਲਸ ਨੇ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸ. ਬਰਿੰਦਰ ਸਿੰਘ ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੀ ਵਾਸੀ ਪੱਕਾ ਸ਼ਹੀਦਾਂ ਜ਼ਿਲਾ ਸਿਰਸਾ ਤੋਂ 52 ਕਿਲੋ ਭੁੱਕੀ ਬਰਾਮਦ ਕੀਤੀ ਗਈ ਸੀ, ਜਿਸ 'ਤੇ ਮੁਕੱਦਮਾ ਨੰਬਰ 129 ਮਿਤੀ 19.11.2010 ਵਿਚ 15/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਦਰ ਮਾਨਸਾ ਵਿਖੇ ਦਰਜ ਕੀਤਾ ਗਿਆ ਸੀ । ਮਾਣਯੋਗ ਅਦਾਲਤ ਨੇ ਸੋਨੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਜੋ ਕਿ ਮਿਤੀ 9 ਜੁਲਾਈ 2016 ਨੂੰ ਮਾਨਸਾ ਜੇਲ 'ਚੋਂ 3 ਹਫਤੇ ਲਈ ਪੈਰੋਲ 'ਤੇ ਬਾਹਰ ਆਇਆ ਸੀ ਪਰ ਛੁੱਟੀ ਪੂਰੀ ਹੋਣ ਤੋਂ ਬਾਅਦ ਵਾਪਸ ਨਹੀ ਗਿਆ, ਜਿਸ 'ਤੇ 6 ਅਕਤੂਬਰ 2016 ਨੂੰ ਤਲਵੰਡੀ ਸਾਬੋ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਦੋਸ਼ੀ ਕਰੀਬ ਇਕ ਸਾਲ ਤੋਂ ਸਮਾਜਿਕ ਸਰਗਰਮੀਆਂ ਵਿਚ ਸਰਗਰਮ ਸੀ । ਦੋਸ਼ੀ ਨੂੰ ਪੱਕਾ ਸ਼ਹੀਦਾਂ ਦੇ ਰਸਤੇ 'ਚ ਪੈਦਲ ਜਾਂਦੇ ਨੂੰ ਸੀਗੋ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਗ੍ਰਿਫਤਾਰ ਕਰ ਲਿਆ। ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਇਸ ਨੂੰ ਅਦਾਲਤ 'ਚ ਪੇਸ਼ ਕਰ ਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਵੱਲੋਂ ਇਕ ਸਾਲ ਦੌਰਾਨ ਕੀਤੀਆਂ ਵਾਰਦਾਤਾਂ ਦੀ ਪੁੱਛਗਿੱਛ ਕੀਤੀ ਜਾਵੇਗੀ।
