ਚੋਰਾਂ ਖਿਲਾਫ ਪੁਲਸ ਦੀ ਢਿੱਲੀ-ਮੱਠੀ ਕਾਰਵਾਈ ਤੋਂ ਦੁਖੀ ਕਿਸਾਨਾਂ ਨੇ ਲਾਇਆ ਧਰਨਾ
Sunday, Jul 23, 2017 - 06:37 AM (IST)

ਦਿੜ੍ਹਬਾ ਮੰਡੀ(ਸਰਾਓ)- ਸਥਾਨਕ ਪੁਲਸ ਵੱਲੋਂ ਚੋਰਾਂ ਖਿਲਾਫ ਢਿੱਲੀ-ਮੱਠੀ ਕਾਰਵਾਈ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਨੇ ਸ਼ਨੀਵਾਰ ਨੂੰ ਪੁਲਸ ਥਾਣੇ ਅੱਗੇ ਧਰਨਾ ਦਿੱਤਾ। ਧਰਨੇ 'ਚ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਲੌਂਗੋਵਾਲ, ਜ਼ਿਲਾ ਸਰਪ੍ਰਸਤ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਜਨਰਲ ਸਕੱਤਰ ਕਸ਼ਮੀਰ ਸਿੰਘ ਕਾਕੜਾ, ਕਰਨੈਲ ਸਿੰਘ ਕਾਕੜਾ, ਬਾਬੂ ਸਿੰਘ ਲਾਡਬੰਨਜਾਰਾ ਕਲਾਂ, ਰਾਮ ਸਿੰਘ ਸਾਦੀਹਰੀ, ਜੋਰਾ ਸਿੰਘ, ਜੱਸਾ ਸਿੰਘ ਸਰਪੰਚ ਕੜਿਆਲ, ਭੀਮ ਸਿੰਘ ਕੜਿਆਲ, ਸਾਬਕਾ ਪੰਚ ਕੜਿਆਲ ਆਦਿ ਸਣੇ ਕਾਫੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ । ਇਸ ਮੌਕੇ ਖੇਤਾਂ ਵਿਚੋਂ ਮੋਟਰਾਂ ਦੀ ਤਾਰ ਚੋਰੀ ਕਰਨ ਵਾਲੇ ਚੋਰਾਂ ਖਿਲਾਫ਼ ਕਾਰਵਾਈ ਕਰਨ 'ਚ ਪੁਲਸ ਥਾਣਾ ਦਿੜ੍ਹਬਾ ਵੱਲੋਂ ਵਰਤੀ ਜਾ ਰਹੀ ਕਥਿਤ ਢਿੱਲਮੱਠ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਲਸ ਦੀ ਕਾਰਵਾਈ ਨੂੰ ਕੋਸਿਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਪਿੰਡ ਕੜਿਆਲ ਦੇ ਕਿਸਾਨ ਭੀਮ ਸਿੰਘ ਨੇ ਆਪਣੇ ਖੇਤ ਵਿਚ ਮੋਟਰ ਦੀ ਮੁਰੰਮਤ ਕਰਵਾਉਣ ਲਈ ਮੋਟਰ ਬਾਹਰ ਕੱਢੀ ਹੋਈ ਸੀ । ਉਸ ਦੌਰਾਨ ਕਿਸੇ ਵਿਅਕਤੀ ਨੇ ਮੋਟਰ ਦੀ ਕਰੀਬ 400 ਫੁੱਟ ਤਾਰ ਚੋਰੀ ਕਰ ਕੇ ਪਿੰਡ ਕੜਿਆਲ ਦੇ ਕਿਸੇ ਕਬਾੜੀਏ ਨੂੰ ਵੇਚ ਦਿੱਤੀ । ਕਿਸਾਨ ਭੀਮ ਸਿੰਘ ਨੇ ਇਸ ਦੀ ਜਾਂਚ ਪੜਤਾਲ ਕਰਦੇ ਹੋਏ ਚੋਰੀ ਦੀ ਤਾਰ ਕਥਿਤ ਤੌਰ 'ਤੇ ਖਰੀਦਣ ਸਬੰਧੀ ਇਕ ਕਬਾੜੀਏ 'ਤੇ ਸ਼ੱਕ ਪ੍ਰਗਟਾਇਆ ਸੀ, ਜਿਸ ਨੂੰ ਲੈ ਕੇ ਪੁਲਸ ਥਾਣੇ ਵਿਖੇ ਸ਼ਿਕਾਇਤ ਵੀ ਕੀਤੀ ਗਈ ਸੀ । ਕਿਸਾਨ ਭੀਮ ਸਿੰਘ ਨੇ ਪੁਲਸ 'ਤੇ ਕਥਿਤ ਤੌਰ 'ਤੇ ਢਿੱਲ ਵਰਤੇ ਜਾਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਟਾਲਮਟੋਲ ਕਰਦੀ ਰਹੀ । ਇਨਸਾਫ਼ ਨਾ ਮਿਲਦਾ ਵੇਖ ਅੱਜ ਇਹ ਧਰਨਾ ਲਾਇਆ ਗਿਆ। 3 ਵਿਅਕਤੀਆਂ 'ਤੇ ਪਰਚਾ ਦਰਜ : ਜਦੋਂ ਇਸ ਸਬੰਧੀ ਫੋਨ 'ਤੇ ਥਾਣਾ ਮੁਨਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਦੌਲਤ ਸਿੰਘ, ਕਾਲਾ ਸਿੰਘ ਪੁੱਤਰ ਜਸਵੀਰ ਸਿੰਘ, ਗੁਰਨਾਮ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਕੜਿਆਲ 'ਤੇ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਅਤੇ ਜਲਦੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ।