ਭਾਗੀਵਾਂਦਰ ਕਾਂਡ : ਇਕ ਹੋਰ ਕਥਿਤ ਦੋਸ਼ੀ ਗ੍ਰਿਫਤਾਰ
Tuesday, Jul 11, 2017 - 02:37 AM (IST)
ਤਲਵੰਡੀ ਸਾਬੋ(ਮੁਨੀਸ਼)-ਕਥਿਤ ਨਸ਼ਾ ਸਮੱਗਲਰ ਨੂੰ ਬੇਰਹਿਮੀ ਨਾਲ ਵੱਢਣ ਉਪਰੰਤ ਜ਼ੇਰੇ ਇਲਾਜ ਉਸ ਦੀ ਹੋਈ ਮੌਤ ਕਾਰਨ ਸੁਰਖੀਆਂ 'ਚ ਆਏ ਭਾਗੀਵਾਂਦਰ ਕਾਂਡ 'ਚ ਪੁਲਸ ਨੇ ਬੀਤੇ ਦਿਨੀਂ ਇਕ ਹੋਰ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਵਿਅਕਤੀ ਦੀ ਗ੍ਰਿਫਤਾਰੀ ਨਾਲ ਦੋਸ਼ੀਆਂ ਦੀ ਗਿਣਤੀ 2 ਹੋ ਗਈ ਹੈ। ਮਾਣਯੋਗ ਅਦਾਲਤ ਨੇ ਕਥਿਤ ਦੋਸ਼ੀ ਨੂੰ 13 ਜੁਲਾਈ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਥੇ ਦੱਸਣਾ ਬਣਦਾ ਹੈ ਕਿ ਬੀਤੀ 8 ਜੁਲਾਈ ਨੂੰ ਪਿੰਡ ਭਾਗੀਵਾਂਦਰ ਵਿਖੇ ਇਕ ਕਥਿਤ ਨਸ਼ਾ ਸਮੱਗਲਰ ਮੋਨੂੰ ਅਰੋੜਾ ਨੂੰ ਬੇਰਹਿਮੀ ਨਾਲ ਵੱਢਣ ਉਪਰੰਤ ਪਿੰਡ ਦੀ ਸੱਥ 'ਚ ਸੁੱਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਤਲਵੰਡੀ ਸਾਬੋ ਪੁਲਸ ਨੇ ਇਸ ਮਾਮਲੇ 'ਚ ਮੋਨੂੰ ਅਰੋੜਾ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਪਿੰਡ ਭਾਗੀਵਾਂਦਰ ਦੇ 13 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਸੀ। ਬਾਅਦ ਵਿਚ ਤਲਵੰਡੀ ਸਾਬੋ ਪੁਲਸ ਵੱਲੋਂ ਉਕਤ ਮਾਮਲੇ ਦੇ ਮਾਸਟਰਮਾਈਂਡ ਐਲਾਨੇ ਗਏ ਪਿੰਡ ਦੀ ਮਹਿਲਾ ਸਰਪੰਚ ਦੇ ਸਪੁੱਤਰ ਅਮਰਿੰਦਰ ਸਿੰਘ ਰਾਜੂ ਨੇ ਆਤਮ-ਸਮਰਪਣ ਕਰ ਦਿੱਤਾ ਸੀ ਤੇ ਉਸ ਦੀ ਗ੍ਰਿਫਤਾਰੀ ਉਪਰੰਤ ਮ੍ਰਿਤਕ ਮੋਨੂੰ ਅਰੋੜਾ ਦੇ ਪਿਤਾ ਵਿਜੈ ਕੁਮਾਰ ਨੇ ਪੁਲਸ 'ਤੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੋੜੀਂਦੇ ਕਦਮ ਨਾ ਚੁੱਕਣ ਦੇ ਦੋਸ਼ ਲਾਏ ਸਨ ਪਰ ਪੁਲਸ ਅਧਿਕਾਰੀਆਂ ਅਨੁਸਾਰ ਬਾਕੀ ਕਥਿਤ ਦੋਸ਼ੀਆਂ ਨੂੰ ਫੜਨ ਲਈ ਪੁਲਸ ਲਗਾਤਾਰ ਸਰਗਰਮ ਸੀ। ਅੱਜ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੇ ਇਕ ਹੋਰ ਕਥਿਤ ਦੋਸ਼ੀ ਹਰਪਾਲ ਸਿੰਘ ਪੁੱਤਰ ਸ਼ੇਰ ਸਿੰਘ (ਕਾਲੀਰੌਣੇ) ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਨੇ ਉਸ ਨੂੰ 13 ਜੁਲਾਈ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ ਤੇ ਮਾਮਲੇ 'ਚ ਕੁਝ ਹੋਰ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਗੀਵਾਂਦਰ ਕਾਂਡ ਦੇ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।
