ਅਰੂਸਾ ਦੀ ਤਲਖ ਟਿੱਪਣੀ, ਕਾਂਗਰਸੀਆਂ ਨੂੰ ਦੱਸਿਆ ਲੱਕੜਬੱਗੇ, ਦਿੱਤੀ ਇਹ ਧਮਕੀ
Tuesday, Oct 26, 2021 - 06:27 PM (IST)
ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਲਗਾਤਾਰ ਨਾਮ ਘੜੀਸੇ ਜਾਣ ’ਤੇ ਪਾਕਿਸਤਾਨੀ ਪੱਤਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੇ ਚੁੱਪੀ ਤੋੜਦੇ ਹੋਏ ਵੱਡਾ ਬਿਆਨ ਦਿੱਤਾ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਅਰੂਸਾ ਨੇ ਅਦਾਲਤ ਵਿਚ ਘੜੀਸਣ ਦੀ ਵੀ ਧਮਕੀ ਦਿੱਤੀ ਹੈ। ਅਰੂਸਾ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਲੱਕੜਬੱਗੇ ਆਖਦਿਆਂ ਕਿਹਾ ਕਿ ਜਿਹੜੇ ਮੰਤਰੀ ਤੇ ਵਿਧਾਇਕ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਹੇਠਾਂ ਹੁੰਦੇ ਸਨ ਅੱਜ ਉਹ ਉਨ੍ਹਾਂ ਨੂੰ ਨੋਚਣ ਦੀਆਂ ਗੱਲਾਂ ਕਰ ਰਹੇ ਹਨ। ਇਹ ਇਸੇ ਤਰ੍ਹਾਂ ਹੈ ਜਦੋਂ ਕੋਈ ਸ਼ਿਕਾਰੀ ਖੁਦ ਸ਼ਿਕਾਰ ਹੁੰਦਾ ਹੈ ਤਾਂ ਲੱਕੜਬੱਗੇ ਉਸ ’ਤੇ ਟੁੱਟ ਕੇ ਪੈ ਜਾਂਦੇ ਹਨ ਅਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਸਿੱਧੂ ਦਾ ਧਮਾਕਾ, ਕਿਹਾ ਪੰਜਾਬ ਦੇ ਅਸਲ ਮੁੱਦਿਆਂ ’ਤੇ ਕਰੋ ਗੱਲ
ਟੀ. ਵੀ. ਚੈਨਲ ‘ਨਿਊਜ਼ 18’ ਮੁਤਾਬਕ ਆਈ. ਐੱਸ. ਆਈ. ਏਜੰਟ ਕਹੇ ਜਾਣ ’ਤੇ ਅਰੂਸਾ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅਦਾਲਤ ਵਿਚ ਘੜੀਸਣ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਆਗੂਆਂ ਦੀ ਅਜਿਹੀ ਸਿਆਸਤ ਤੋਂ ਬਹੁਤ ਨਿਰਾਸ਼ ਹੈ, ਉਸ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਇਹ ਇੰਨੇ ਡਿੱਗ ਜਾਣਗੇ।
ਇਹ ਵੀ ਪੜ੍ਹੋ : ਭਰੀ ਮਹਿਫ਼ਲ ’ਚ ਸੁਖਬੀਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਉਤੋਂ ਲੋਕਾਂ ਨੇ ਰੱਜ ਕੇ ਮਾਰੀਆਂ ਤਾੜੀਆਂ (ਵੀਡੀਓ)
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ’ਤੇ ਤਲਖ ਟਿੱਪਣੀ ਕਰਦਿਆਂ ਅਰੂਸਾ ਆਲਮ ਨੇ ਕਿਹਾ ਕਿ ਇਹ ਲੱਕੜਬੱਗੇ ਹਨ ਅਤੇ ਮੇਰਾ ਆਈ. ਐੱਸ. ਆਈ. ਨਾਲ ਕੋਈ ਸਬੰਧ ਨਹੀਂ ਹੈ। ਅਰੂਸਾ ਨੇ ਕਿਹਾ ਕਿ ਇਹ ਬਹੁਤ ਹੀ ਘਟੀਆ ਹੈ ਕਿ ਇੰਨੇ ਵੱਡੇ ਲੋਕਤੰਤਰ ਦੇਸ਼ ਵਿਚ ਇਕ ਔਰਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸਿਆਸੀ ਆਗੂ ਜਿਵੇਂ ਵਾਰ-ਵਾਰ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ, ਉਨ੍ਹਾਂ ਦੇ ਵੀ ਬੱਚੇ ਹਨ, ਘਰ-ਪਰਿਵਾਰ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਨਹੀਂ ਰੁਕ ਰਿਹਾ ਕਲੇਸ਼, ਹੁਣ ਮਨੀਸ਼ ਤਿਵਾੜੀ ਨੇ ਆਖੀ ਵੱਡੀ ਗੱਲ
ਕੀ ਹੈ ਸਾਰਾ ਵਿਵਾਦ
ਦਰਅਸਲ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਪੰਜਾਬ ਨੂੰ ਗੁਆਂਢੀ ਦੇਸ਼ਾਂ ਤੋਂ ਖਤਰੇ ਦੀ ਗੱਲ ਕਰਦੇ ਆ ਰਹੇ ਹਨ। ਇਸ ’ਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਪੰਜਾਬ ਦੀ ਚਿੰਤਾ ਕਿਉਂ ਨਹੀਂ ਹੋਈ ਜਦੋਂ ਉਹ ਸਾਢੇ ਚਾਰ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਉਨ੍ਹਾਂ ਦੇ ਘਰ ਰਹਿੰਦੀ ਰਹੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਅਰੂਸਾ ਦੇ ਆਈ. ਐੱਸ. ਆਈ. ਨਾਲ ਸੰਬੰਧਾਂ ਦੀ ਵੀ ਜਾਂਚ ਕਰਵਾਉਣਗੇ ਅਤੇ ਇਹ ਵੀ ਪਤਾ ਕਰਵਾਉਣਗੇ ਕਿ ਅਰੂਸਾ ਨੂੰ ਵੀਜ਼ਾ ਕਿਸ ਨੇ ਸਪਾਂਸਰ ਕੀਤਾ। ਇਸ ’ਤੇ ਕੈਪਟਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਸ ਜਾਂਚ ਦਾ ਕੋਈ ਆਧਾਰ ਹੀ ਨਹੀਂ ਹੈ ਕਿਉਂਕਿ ਅਰੂਸਾ ਆਲਮ 16 ਸਾਲਾਂ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਆ ਰਹੀ ਸੀ। ਕੈਪਟਨ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਇਕ ਮਹੀਨੇ ਬਾਅਦ ਇਹੀ ਵਿਖਾਉਣ ਨੂੰ ਮਿਲਿਆ ਹੈ। ਬਰਗਾੜੀ ਅਤੇ ਡਰੱਗਜ਼ ਦੇ ਮਾਮਲੇ ਵਿਚ ਵੱਡੇ-ਵੱਡੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਹਾਲੇ ਵੀ ਤੁਹਾਡੇ ਵਾਅਦੇ ਮੁਤਾਬਕ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਤੁਸੀਂ (ਰੰਧਾਵਾ) ਮੇਰੀ ਕੈਬਨਿਟ ਦੇ ਮੰਤਰੀ ਰਹੇ ਉਦੋਂ ਅਰੂਸਾ ਆਲਮ ਬਾਰੇ ਤੁਸੀਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ।
ਇਹ ਵੀ ਪੜ੍ਹੋ : ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਕੈਪਟਨ ’ਤੇ ਵਰ੍ਹੇ ਰੰਧਾਵਾ
ਨੋਟ - ਅਰੂਸਾ ਆਲਮ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ?