ਸੰਗਰੂਰ ''ਚ ਵਾਪਰਿਆ ਭਿਆਨਕ ਹਾਦਸਾ, ਛੁੱਟੀ ਆਏ ਫ਼ੌਜੀ ਦੀ ਹੋਈ ਦਰਦਨਾਕ ਮੌਤ
Tuesday, Apr 11, 2023 - 06:35 PM (IST)
ਸੰਗਰੂਰ (ਬਾਂਸਲ) : ਸੰਗਰੂਰ ਤੋਂ ਬਹੁਤ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਫ਼ੌਜੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੰਦਰਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਸ਼ੇਰੋਂ ਮਾਡਲ ਟਾਊਨ ਤੇ ਗੁਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਬੀਤੇ ਦਿਨ ਕਾਰ 'ਚ ਸਵਾਰ ਹੋ ਕੇ ਪਟਿਆਲਾ ਘੁੰਮਣ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਲਹਿਰਾ ਰੋਡ 'ਤੇ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸ ਦੇ ਚੱਲਦਿਆਂ ਇੰਦਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਗੁਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇੰਦਰਪ੍ਰੀਤ ਸਿੱਖ ਰੇਜੀਮੈਂਟ 'ਚ ਤਾਇਨਾਤ ਸੀ ਅਤੇ ਕੁਝ ਸਮਾਂ ਪਹਿਲਾਂ ਦੀ ਫ਼ੌਜ ਤੋਂ ਛੁੱਟੀ ਆਇਆ ਸੀ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼
ਦੱਸ ਦੇਈਏ ਕਿ ਕਾਰ ਦੀ ਦਰਖੱਤ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਫ਼ੌਜੀ ਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਜਦਕਿ ਦੂਸਰੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹੋਣ ਦੀ ਸੂਰਤ 'ਚ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਉਹ ਜ਼ੇਰੇ ਇਲਾਜ ਹੈ। ਇਸ ਸਬੰਧੀ ਗੱਲ ਕਰਦਿਆਂ ਥਾਣਾ ਸੁਨਾਮ ਦੇ ਚੌਂਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ-3 ਵਜੇ ਦੀ ਕਰੀਬ ਸਾਨੂੰ ਫੋਨ ਆਇਆ ਸੀ ਕਿ ਇਕ ਕਾਰ ਖੇਤਾਂ 'ਚ ਲੱਗੇ ਕਿੱਕਰ ਨਾਲ ਟਕਰਾਈ ਹੈ, ਜਿਸ ਵਿੱਚ 2 ਨੌਜਵਾਨ ਸਵਾਰ ਹਨ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਇੰਦਰਪ੍ਰੀਤ ਦੀ ਮੌਤ ਹੋ ਗਈ ਹੈ ਤੇ ਗੁਰਵਿੰਦਰ ਜ਼ੇਰੇ ਇਲਾਜ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ, ਫਾਜ਼ਿਲਕਾ ’ਚ ਸਸਕਾਰ ਰੋਕ ਲੋਕਾਂ ਨੇ ਅੱਗ ਦੀਆਂ ਲਪਟਾਂ ’ਚ ਘਿਰੇ ਦਾਦੇ-ਪੋਤੀ ਦੀ ਬਚਾਈ ਜਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।