ਇਕ ਦਿਨ ਪਹਿਲਾਂ ਆਰਮੀ ’ਚੋਂ ਹੋਇਆ ਸੀ ਰਿਟਾਇਰ, ਘਰ ਪਰਤਦੇ ਸਮੇਂ ਜਵਾਨ ਦੀ ਡਰਾਈਵਰ ਸਣੇ ਹੋਈ ਦਰਦਨਾਕ ਮੌਤ
Tuesday, Jun 01, 2021 - 12:39 PM (IST)
ਗੁਰਾਇਆ (ਮੁਨੀਸ਼ ਬਾਵਾ) - ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਹੋਏ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਹੈਲਪਰ ਬੁਰੀ ਤਰਾਂ ਜਖਮੀਂ ਹੋ ਗਿਆ ਜਿਸ ਨੂੰ ਪਹਿਲਾ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ ਤੇ ਉੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਯੂ.ਪੀ ਅਤੇ ਡਰਾਈਵਰ ਕ੍ਰਿਸ਼ਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਰਾਜੇਸ਼ ਕੁਮਾਰ, ਜੋ ਬੀਤੇ ਦਿਨ ਰਾਜਸਥਾਨ ਵਿਖੇ ਆਰਮੀ ਤੋਂ ਰਿਟਾਇਰ ਹੋਇਆ ਸੀ, ਜਲੰਧਰ ਪਿਆ ਆਪਣਾ ਸਮਾਨ ਲੈ ਕੇ ਮਹਿੰਦਰਾ ਪਿਕਅਪ ਗੱਡੀ ‘ਚ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਗੁਰਾਇਆ ਵਿਖੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਰਾਜੇਸ਼ ਅਤੇ ਡਰਾਈਵਰ ਕ੍ਰਿਸ਼ਨ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਗੱਡੀ ਵਿੱਚੋਂ ਕੱਢਿਆ ਗਿਆ। ਹਾਦਸੇ ਵਿਚ ਰਾਜੇਸ਼ ਕੁਮਾਰ ਤੇ ਉਸ ਦੇ ਡਰਾਇਵਰ ਕਿਸ਼ਨ ਕੁਮਾਰ ਦੀ ਮੌਤ ਹੋ ਗਈ, ਜਦਕਿ ਹੈਲਪਰ ਬੁਰੀ ਤਰਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ। ਉੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਐੱਸ.ਐੱਚ.ਓ. ਗੁਰਾਇਆ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਰਹੀ ਹੈ ਅਤੇ ਜਿਸ ਗੱਡੀ ਨਾਲ ਟੱਕਰ ਹੋਈ ਹੈ ਉਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਦੋਨਾਂ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਭੇਜ ਦਿੱਤਾ ਹੈ।