ਹਥਿਆਰ ਦੀ ਨੋਕ ’ਤੇ ਸ਼ਰਾਬ ਦਾ ਠੇਕਾ ਲੁੱਟਿਆ, ਡੇਢ ਮਿੰਟ ’ਚ ਦਿੱਤਾ ਵਾਰਦਾਤ ਨੂੰ ਅੰਜਾਮ

Sunday, Nov 06, 2022 - 06:23 PM (IST)

ਨਾਭਾ (ਖੁਰਾਣਾ) : ਪੰਜਾਬ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਆਏ ਦਿਨ ਲੁਟੇਰੇ ਘਟਨਾਵਾਂ ਨੂੰ ਅੰਜਾਮ ਦੇ ਕੇ ਰਫੂਚੱਕਰ ਹੋਣ ’ਚ ਕਾਮਯਾਬ ਹੋ ਰਹੇ ਹਨ। ਤਾਜ਼ਾ ਮਾਮਲੇ ’ਚ ਨੇੜਲੇ ਪੌੜੇ ਸੈਫਨ ਵਿਖੇ 2 ਬੇਖੌਫ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੋਂ ਕਰੀਬ 23 ਹਜ਼ਾਰ ਲੁੱਟ ਕੇ ਰਫੂਚੱਕਰ ਹੋ ਗਏ। ਅਹਾਤੇ ਦੇ ਕਰਿੰਦੇ ਬੇਅੰਤ ਸਿੰਘ ਨੇ ਦੱਸਿਆ ਕਿ ਬੁਲੇਟ ਮੋਟਰਸਾਈਕਲ ਸਵਾਰ 2 ਨੌਜਵਾਨ ਭੱਜ ਕੇ ਆਏ ਅਤੇ ਡੇਢ ਮਿੰਟ ’ਚ ਹੀ ਪੈਸੇ ਖੋਹ ਕੇ ਰਫੂਚੱਕਰ ਹੋ ਗਏ।

ਬੇਅੰਤ ਸਿੰਘ ਨੇ ਦੱਸਿਆ ਕਿ ਉਹ ਇਕਦਮ ਅੰਦਰ ਆਇਆ ਅਤੇ ਮੈਂ ਬਾਥਰੂਮ ਕਰ ਕੇ ਅੰਦਰ ਹੀ ਜਾਣ ਲੱਗਾ ਸੀ ਕਿ ਉਸ ਨੇ ਸਾਰੇ ਪੈਸੇ ਦੇਣ ਨੂੰ ਕਿਹਾ। ਉਹ ਸੇਲ ਦੇ ਕਰੀਬ 18 ਹਜ਼ਾਰ ਰੁਪਏ ਲੈ ਗਏ ਅਤੇ 5 ਹਜ਼ਾਰ ਪਿਆ ਮੇਰੀ ਤਨਖਾਹ ਜੋ ਜੇਬ ’ਚ ਸੀ, ਉਹ ਵੀ ਲੈ ਗਏ। ਲੁਟੇਰਿਆਂ ਨੇ ਇਕ ਸ਼ਰਾਬ ਦੇ ਕਰਿੰਦੇ ਦੀ ਗਰਦਨ ’ਤੇ ਅਤੇ ਦੂਸਰੇ ਲੁਟੇਰੇ ਨੇ ਅਹਾਤੇ ਦੇ ਕਰਿੰਦੇ ਦੀ ਗਰਦਨ ’ਤੇ ਛੁਰਾ ਰੱਖ ਦਿੱਤਾ। ਇਹ ਦੋਵੇਂ ਇੰਨੇ ਘਬਰਾ ਗਏ ਕਿ ਉਨ੍ਹਾਂ ਵੱਲੋਂ ਬਿਨਾਂ ਰੌਲਾ ਪਾਏ ਹੀ ਸਭ ਕੁਝ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਕਰਿੰਦੇ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਸ ਮੌਕੇ ਠੇਕੇ ਦੇ ਕਰਿੰਦੇ ਰੰਜਨ ਕੁਮਾਰ ਨੇ ਦੱਸਿਆ ਕਿ ਮੈਂ ਜਦੋਂ ਬਾਥਰੂਮ ਕਰ ਕੇ ਠੇਕੇ ਦੇ ਅੰਦਰ ਜਾਣ ਲੱਗਾ ਤਾਂ ਇਕਦਮ ਲੁਟੇਰੇ ਭੱਜ ਕੇ ਮੇਰੇ ਵੱਲ ਆਏ। ਗੇਟ ’ਤੇ ਲੱਤ ਮਾਰ ਕੇ ਸਿੱਧਾ ਠੇਕੇ ਅੰਦਰ ਆ ਗਏ ਅਤੇ ਮੇਰੀ ਗਰਦਨ ’ਤੇ ਛੁਰਾ ਤਾਣ ਲਈ ਅਤੇ ਮੇਰੇ ਤੋਂ ਕਰੀਬ 23 ਹਜ਼ਾਰ ਰੁਪਏ ਲੈ ਕੇ ਰਫੂਚੱਕਰ ਹੋ ਗਏ। ਨਾਭਾ ਸਦਰ ਥਾਣਾ ਇੰਚਾਰਜ ਪ੍ਰਿਆਂਸ਼ੂ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲ ਰਹੇ ਹਾਂ। ਕਰਿੰਦੇ ਦੇ ਦੱਸਣ ਮੁਤਾਬਕ ਉਹ 2 ਨੌਜਵਾਨ ਸਨ ਜਿਨ੍ਹਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਸੀਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News