ਹਥਿਆਰਬੰਦ ਵਿਅਕਤੀਆਂ ਵੱਲੋਂ ਸਾਬਕਾ ਫੌਜੀ ਨਾਲ ਕੁੱਟ-ਮਾਰ

03/14/2018 2:50:36 AM

ਮੋਗਾ,  (ਆਜ਼ਾਦ)-  ਮਾਮੂਲੀ ਝਗੜੇ ਨੂੰ ਲੈ ਕੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਛੋਟਾ ਹਾਥੀ ਚਾਲਕ ਸਾਬਕਾ ਫੌਜੀ ਮੇਜਰ ਸਿੰਘ (65) ਨਿਵਾਸੀ ਪ੍ਰੀਤ ਨਗਰ ਮੋਗਾ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਤੋਂ ਇਲਾਵਾ ਉਸ ਦੀ ਗੱਡੀ ਦੀ ਭੰਨ-ਤੋੜ ਕਰ ਕੇ ਮੋਬਾਇਲ ਅਤੇ ਨਕਦੀ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮੇਜਰ ਸਿੰਘ ਪੁੱਤਰ ਸੰਤ ਸਿੰਘ ਨੇ ਕਿਹਾ ਕਿ ਉਹ ਸਾਬਕਾ ਫੌਜੀ ਹੈ ਅਤੇ ਛੋਟਾ ਹਾਥੀ ਚਲਾਉਂਦਾ ਹੈ, ਜਦ ਉਹ ਆਪਣੇ ਛੋਟੇ ਹਾਥੀ ਸਮੇਤ ਕੋਠੇ ਪੱਤੀ ਮੁਹੱਬਤ ਨੇੜੇ ਡਰੇਨ ਕੋਲ ਖੜ੍ਹਾ ਸੀ ਤਾਂ ਸੁਖਰਾਜ ਸਿੰਘ ਉਰਫ ਗੋਪੀ ਨਿਵਾਸੀ ਸੰਤ ਗੁਲਾਬ ਸਿੰਘ ਨਗਰ ਮੋਗਾ, ਕੁਲਵਿੰਦਰ ਸਿੰਘ, ਹੈਪੀ ਤੇ ਲਾਲੀ ਉਥੇ ਆ ਧਮਕੇ, ਜਿਨ੍ਹਾਂ ਕੋਲ ਬੇਸਬੈਟ, ਲੋਹੇ ਦੀਆਂ ਰਾਡਾਂ ਤੇ ਹੋਰ ਹਥਿਆਰ ਸਨ, ਮੇਰੇ ਨਾਲ ਝਗੜਾ ਕਰਨ ਲੱਗੇ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ ਤੇ ਮੇਰੀ ਕੁੱਟ-ਮਾਰ ਕਰ ਕੇ ਮੇਰਾ ਮੋਬਾਇਲ ਤੇ 1500 ਰੁਪਏ ਦੀ ਨਕਦੀ ਵੀ ਕੱਢ ਕੇ ਲੈ ਗਏ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।  ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਘਟਨਾ ਸਥਾਨ 'ਤੇ ਜਾ ਕੇ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ। ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਕਾਬੂ ਆਉਣ 'ਤੇ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਉਸ ਦੀ ਕੁੱਟ-ਮਾਰ ਕਿਉਂ ਕੀਤੀ ਹੈ।


Related News