ਅਰਜੁਨ ਸਹਿਗਲ ਤੇ ਜੱਗਾ ਫੋਲੜੀਵਾਲ ਨੇ ਕੀਤੀ ਸੀ ਡੋਨਾ ਦੀ ਹੱਤਿਆ

8/3/2018 4:52:07 PM

ਜਲੰਧਰ,  (ਮਹੇਸ਼)—  ਡੇਢ ਸਾਲ ਪਹਿਲਾਂ ਜਲੰਧਰ ਦੀ ਅਦਾਲਤ ਦੇ ਬਾਹਰ ਹੋਏ ਝਗੜੇ ਦੀ  ਰੰਜਿਸ਼ ਕਾਰਨ ਸੈਂਟਰਲ ਟਾਊਨ ਦੇ ਅਰਜੁਨ ਸਹਿਗਲ ਅਤੇ ਜਗਦੀਪ ਸਿੰਘ ਉਰਫ ਜੱਗਾ ਫੋਲੜੀਵਾਲ  ਨੇ 27 ਜੁਲਾਈ ਨੂੰ ਸ਼ਾਮ 7.10 ਦੇ ਲਗਭਗ ਰਾਮਾਮੰਡੀ ਦੇ ਕਰਲ ਜਿਮ ਵਿਚੋਂ ਬਾਹਰ ਨਿਕਲਦੇ  ਸਮੇਂ ਅਜੇ ਕੁਮਾਰ ਉਰਫ ਡੋਨਾ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਅਰਜੁਨ ਅਤੇ ਜੱਗਾ ਨੇ ਲਗਾਤਾਰ ਦੋ ਦਿਨ ਰੇਕੀ ਕੀਤੀ ਅਤੇ ਪਤਾ ਲਾਇਆ ਕਿ ਡੋਨਾ ਜਿਮ ਵਿਚ ਕਦੋਂ ਆਉਂਦਾ  ਅਤੇ ਜਾਂਦਾ ਹੈ। 
ਫੋਲੜੀਵਾਲ ਵਿਖੇ ਗੁਰਵਿੰਦਰ ਸਿੰਘ ਬਾਬਾ ਪੁੱਤਰ ਜਸਵੀਰ ਸਿੰਘ ਵਾਸੀ  ਫੋਲੜੀਵਾਲ ਦੇ ਘਰ ਵਿਚ ਹੀ ਡੋਨਾ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਈ ਸੀ। ਉਸ ਤੋਂ  ਪਹਿਲਾਂ ਸਭ ਮੁਲਜ਼ਮ ਪਿੰਡ ਵਿਚ ਸਥਿਤ ਇਕ ਥਾਂ ’ਤੇ ਇਕੱਠੇ ਹੋਏ ਸਨ। ਉਸ ਸਬੰਧੀ ਖੁਲਾਸਾ  ਕਰਦਿਆਂ ਪੁਲਸ ਦੇ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਵੀਰਵਾਰ ਪੱਤਰਕਾਰਾਂ ਨੂੰ ਦੱਸਿਆ ਇਕ  ਡੋਨਾ ਦੇ ਸਿਰ ਅਤੇ ਪੇਟ ਵਿਚ ਇਕ-ਇਕ ਅਤੇ ਖੱਬੀ ਲੱਤ ਵਿਚ ਦੋ ਗੋਲੀਆਂ ਮਾਰੀਆਂ ਗਈਆਂ ਸਨ।  
ਡੋਨਾ ਨੇ 28 ਜੁਲਾਈ ਨੂੰ ਤੜਕੇ 5.30 ਵਜੇ ਦਮ ਤੋੜ ਦਿੱਤਾ ਸੀ। ਉਸ ਦੀ ਮੌਤ ਪਿੱਛੋਂ  ਪੁਲਸ ਨੇ ਮੁਲਜ਼ਮਾਂ ਵਿਰੁੱਧ ਪ੍ਰਦੀਪ ਕੁਮਾਰ ਉਰਫ ਮਨੀ ਪੁੱਤਰ ਚਰਨਜੀਤ ਸਿੰਘ ਵਾਸੀ  ਵਾਲਮੀਕਿ ਮੁਹੱਲਾ ਦਕੋਹਾ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਪੁਲਸ ਇਸ  ਮਾਮਲੇ ਨੂੰ ਹੱਲ ਕਰਨ ਵਿਚ ਲਗਾਤਾਰ ਜੁਟੀ ਹੋਈ ਸੀ ਅਤੇ ਆਖਿਰ 7 ਦਿਨ ਬਾਅਦ ਕਮਿਸ਼ਨਰੇਟ  ਪੁਲਸ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਈ। 
ਜੱਗਾ, ਜੋਗਾ ਤੇ ਲਾਲਾ ਗ੍ਰਿਫਤਾਰ
ਪੁਲਸ  ਨੇ ਡੋਨਾ ਕਤਲ ਕੇਸ ਵਿਚ ਨਾਮਜ਼ਦ 6 ਮੁਲਜ਼ਮਾਂ ਵਿਚੋਂ ਜਗਦੀਪ ਸਿੰਘ ਉਰਫ ਜੱਗਾ ਪੁੱਤਰ  ਜਸਵਿੰਦਰ ਸਿੰਘ ਅਤੇ ਯੋਗਰਾਜ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਦੋਵੇਂ ਵਾਸੀ ਪਿੰਡ  ਫੋਲੜੀਵਾਲ ਥਾਣਾ ਸਦਰ ਜਲੰਧਰ ਦੇ ਨਾਲ ਹੀ ਮੁਕੇਸ਼ ਕੁਮਾਰ ਉਰਫ ਲਾਲਾ ਪੁੱਤਰ ਬਾਬੂ ਰਾਮ  ਵਾਸੀ ਕਿਰਾਏਦਾਰ ਨੇੜੇ ਸ਼ਮਸ਼ਾਨਘਾਟ ਮਾਡਲ ਟਾਊਨ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ। 

ਇਕ ਸਾਲ ਪਹਿਲਾਂ ਵੀ ਡੋਨਾ ਦੀ ਹੱਤਿਆ ਦੀ ਹੋਈ ਸੀ ਕੋਸ਼ਿਸ਼
ਫਰਾਰ  ਮੁਲਜ਼ਮ ਅਰਜੁਨ ਸਹਿਗਲ ਅਤੇ ਕਾਬੂ ਕੀਤੇ ਗਏ ਮੁਲਜ਼ਮ ਯੋਗਰਾਜ ਸਿੰਘ ਉਰਫ ਜੋਗਾ ਨੇ ਲਗਭਗ  ਇਕ ਸਾਲ ਪਹਿਲਾਂ ਵੀ  ਡੋਨਾ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਸਨ।  ਉਹ ਲਗਾਤਾਰ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ। ਸਿਰਫ ਮੌਕੇ ਦੀ ਭਾਲ ਵਿਚ ਸਨ। 

ਜੋਗਾ ਨੂੰ ਪੁਲਸ ਲਿਆਈ ਹੈ ਪ੍ਰੋਡਕਸ਼ਨ ਵਾਰੰਟ ’ਤੇ
ਜੋਗਾ  ਫੋਲੜੀਵਾਲ ਕਈ ਅਪਰਾਧਿਕ ਮਮਲਿਆਂ ਨੂੰ ਲੈ ਕੇ ਹੁਸ਼ਿਆਰਪੁਰ ਦੀ ਜੇਲ ਵਿਚ ਸਜ਼ਾ ਕੱਟ ਰਿਹਾ  ਹੈ। ਡੋਨਾ ਕਤਲ ਕੇਸ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਬੁੱਧਵਾਰ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਉਥੋਂ ਲਿਆਈ ਸੀ। ਉਸ ਕੋਲੋਂ ਪੁੱਛਗਿੱਛ ਕਰਨ ’ਤੇ ਸਾਰੀ ਤਸਵੀਰ ਸਪੱਸ਼ਟ ਹੋ ਗਈ।
ਪੰਚਮ ਤੇ ਭਾਲੂ ਗੈਂਗ ਨਾਲ ਨਹੀਂ ਜੁੜਿਆ ਸੀ ਮਾਮਲਾ
ਡੋਨਾ  ਕਤਲ ਕੇਸ ਟ੍ਰੇਸ ਹੋਣ ’ਤੇ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਵਾਰਦਾਤ ਦਾ ਗੈਂਗਸਟਰ  ਪੰਚਮ ਅਤੇ ਭਾਲੂ ਨਾਲ ਕੋਈ ਸਬੰਧ ਨਹੀਂ। ਘਟਨਾ ਵਾਲੇ ਦਿਨ  ਕਿਹਾ ਜਾ ਰਿਹਾ ਸੀ ਕਿ ਡੋਨਾ  ਪੰਚਮ ਦਾ ਸਾਥੀ ਸੀ ਅਤੇ ਭਾਲੂ ਗੈਂਗ ਦੇ ਬਦਮਾਸ਼ਾਂ ਨੇ ਉਸ ਦੀ ਹੱਤਿਆ ਕੀਤੀ ਹੈ ਪਰ ਪੁਲਸ  ਦੀ ਜਾਂਚ ਦੌਰਾਨ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। 

ਬਾਬਾ ਨੂੰ ਛੱਡ ਕੇ ਸਭ ਮੁਲਜ਼ਮਾਂ ਦੀ ਉਮਰ 30 ਸਾਲ ਤੋਂ ਘੱਟ
ਗੁਰਵਿੰਦਰ  ਸਿੰਘ ਬਾਬਾ ਨੂੰ ਛੱਡ ਕੇ ਜੱਗਾ, ਜੋਗਾ, ਅਰਜੁਨ, ਮੁਕੁਲ ਅਤੇ  ਮੁਕੇਸ਼ ਦੀ ਉਮਰ 30 ਸਾਲ  ਤੋਂ ਘੱਟ ਹੈ। ਛੋਟੀਆਂ-ਛੋਟੀਆਂ ਲੜਾਈਆਂ ਦੀ ਰੰਜਿਸ਼ ਕਾਰਨ ਉਹ ਬਦਮਾਸ਼ ਬਣ ਗਏ ਅਤੇ ਆਪਣੇ  ਹੌਸਲੇ ਬੁਲੰਦ ਕਰਦੇ ਹੋਏ ਵੱਡੇ ਅਪਰਾਧ ਕਰਨ ਲੱਗੇ। ਕਿਸੇ ਇਕ ਦੋ ਨੂੰ ਛੱਡ ਕੇ ਹੋਰ  ਕੋਈ ਵੀ ਵਿਆਹਿਆ ਨਹੀਂ ਹੈ। 

ਅਰਜੁਨ ਦੇ ਫੜੇ ਜਾਣ ’ਤੇ ਹੋਣਗੇ ਅਹਿਮ ਖੁਲਾਸੇ
ਅਰਜੁਨ  ਸਹਿਗਲ ਦੇ ਫੜੇ ਜਾਣ ’ਤੇ ਡੋਨਾ ਕਤਲ ਕੇਸ ਨੂੰ ਲੈ ਕੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।  
ਡੋਨਾ ਨੂੰ ਗੋਲੀਆਂ ਮਾਰਨ ਸਮੇਂ ਅਰਜੁਨ ਜੱਗਾ ਦੇ ਨਾਲ ਹੋਰ ਕੌਣ ਉਥੇ ਮੌਜੂਦ ਸੀ, ਸਬੰਧੀ  ਅਜੇ ਪੂਰੀ ਤਸਵੀਰ ਸਪੱਸ਼ਟ ਨਹੀਂ ਹੋਈ। 
ਅਰਜੁਨ ਰਾਹੀਂ ਹੀ ਬਾਕੀ ਮੁਲਜ਼ਮਾਂ ਦੀ ਪਛਾਣ ਹੋ  ਸਕੇਗੀ। ਅਰਜੁਨ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਣਾ ਅਜੇ ਬਾਕੀ ਹੈ। 

ਮੁਲਜ਼ਮਾਂ ਵਿਰੁੱਧ ਮਾਮਲਿਆਂ ਦਾ ਵੇਰਵਾ
*  ਯੋਗਰਾਜ  ਸਿੰਘ ਜੋਗਾ ’ਤੇ ਇਕ ਸਾਲ ਦੌਰਾਨ 11 ਮਾਮਲੇ ਦਰਜ ਹਨ ਜੋ ਜਲੰਧਰ, ਹੁਸ਼ਿਆਰਪੁਰ,  ਨਵਾਂਸ਼ਹਿਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਹਨ।   ਇਹ ਸਭ ਸਾਲ 2017 ਦੇ ਹਨ।
*  ਮੁਕੇਸ਼ ਕੁਮਾਰ ਲਾਲਾ ਵਿਰੁੱਧ ਦਿਹਾਤੀ ਅਤੇ ਸ਼ਹਿਰੀ ਥਾਣਿਆਂ ਵਿਚ 4 ਮਾਮਲੇ ਦਰਜ ਹਨ। ਦੋ ਮਾਮਲੇ 2013 ਵਿਚ ਦਰਜ ਹੋਏ ਸਨ ਅਤੇ 2 ਇਸ ਸਾਲ ਦਰਜ ਹੋਏ। 
* ਅਰਜੁਨ ਸਹਿਗਲ ’ਤੇ ਨੂਰਮਹਿਲ , ਸਦਰ ਜਲੰਧਰ, ਥਾਣਾ 7, ਥਾਣਾ 4, ਥਾਣਾ ਪਤਾਰਾ (ਆਦਮਪੁਰ) ਵਿਖੇ 6 ਮਾਮਲੇ ਦਰਜ ਹਨ।

* ਗੁਰਵਿੰਦਰ ਸਿੰਘ ਬਾਬਾ ਵਿਰੁੱਧ ਹੁਸ਼ਿਆਰਪੁਰ, ਥਾਣਾ ਲਾਂਬੜਾ, ਸਦਰ ਥਾਣਾ 7, ਥਾਣਾ 6, ਥਾਣਾ 5 ਅਤੇ ਥਾਣਾ 4 ਵਿਚ  6 ਮਾਮਲੇ ਦਰਜ ਹਨ।

ਡੀ. ਸੀ. ਪੀ. ਦੀ ਟੀਮ ਦੀ ਕੀਤੀ ਸ਼ਲਾਘਾ
ਪੁਲਸ  ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਡੋਨਾ ਕੇਸ ਦੇ ਟ੍ਰੇਸ ਹੋਣ ’ਤੇ ਡੀ. ਸੀ. ਪੀ. ਗੁਰਮੀਤ  ਸਿੰਘ ਦੀ ਟੀਮ ਦੀ ਸ਼ਲਾਘਾ ਕੀਤੀ। ਮੁਲਜ਼ਮਾਂ ਤੱਕ ਪਹੁੰਚਣ ਵਿਚ ਏ. ਡੀ. ਸੀ. ਪੀ. ਸਿਟੀ-1  ਮਨਦੀਪ ਸਿੰਘ, ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ, ਏ. ਸੀ. ਪੀ. ਮਨਪ੍ਰੀਤ ਸਿੰਘ  ਢਿੱਲੋਂ, ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਇੰਸ. ਵਿਮਲ ਕਾਂਤ, ਇੰਸ. ਅਜੇ ਸਿੰਘ,  ਇੰਸ. ਓਂਕਾਰ ਬਰਾੜ ਅਤੇ ਇੰਸ. ਰੁਪਿੰਦਰ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ। ਫੋਲੜੀਵਾਲ ਦੇ  ਮੁਲਜ਼ਮਾਂ ਨੂੰ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਇੰਸ. ਵਿਮਲ ਕਾਂਤ ਅਤੇ ਅਜੇ ਸਿੰਘ  ਨੇ ਫੜਿਆ। ਢਿੱਲੋਂ ਨੇ ਤਾਂ ਵਾਰਦਾਤ ਵਾਲੇ ਦਿਨ ਹੀ ਬਾਬਾ ’ਤੇ ਸ਼ੱਕ ਪ੍ਰਗਟ ਕਰ ਦਿੱਤਾ  ਸੀ। ਰੇਡ ਕਰਨ ’ਤੇ ਉਹ ਫਰਾਰ ਮਿਲਿਆ ਸੀ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ