ਤਕਨੀਕੀ ਬਦਲਾਅ ਨਾਲ ਘੱਟ ਕੀਤੇ ਜਾ ਰਹੇ ਪੈਂਡਿੰਗ ਕੇਸ : ਅਰਜੁਨ ਮੇਘਵਾਲ

Tuesday, Aug 22, 2023 - 03:57 PM (IST)

ਚੰਡੀਗੜ੍ਹ (ਹਰੀਸ਼ਚੰਦਰ) : ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਮੰਨਣਾ ਹੈ ਕਿ ਤਕਨਾਲੋਜੀ 'ਚ ਬਦਲਾਅ ਨਾਲ ਅਦਾਲਤਾਂ 'ਚ ਪੈਂਡਿੰਗ ਕੇਸਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਕੇਂਦਰੀ ਰਾਜ ਮੰਤਰੀ ਮੇਘਵਾਲ ਨੇ ਪੰਜਾਬ ਭਾਜਪਾ ਦੇ ਲੀਗਲ ਸੈੱਲ ਵੱਲੋਂ ਆਯੋਜਿਤ ਵਕੀਲਾਂ ਦੇ ਇਕ ਸਮਾਰੋਹ 'ਚ ਕਿਹਾ ਕਿ ਆਈ. ਪੀ. ਸੀ. ਅਤੇ ਸੀ. ਆਰ. ਪੀ. ਸੀ. 'ਚ ਸੋਧ ਲਈ ਬਿੱਲ ਲੋਕ ਸਭਾ 'ਚ ਜਲਦ ਲਿਆਂਦਾ ਜਾਵੇਗਾ। ਇਸ ਕਾਨੂੰਨ 'ਚ ਬਦਲਾਅ ਨਾਲ ਕਈ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇਗਾ।

ਮੇਘਵਾਲ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ 'ਚ ਵੀ ਤਕਨਾਲੋਜੀ ਬਦਲਾਅ ਲਿਆਂਦੇ ਜਾ ਰਹੇ ਹਨ। ਮੌਕੇ 'ਤੇ ਹੀ ਟ੍ਰੈਫਿਕ ਚਲਾਨ ਹੋ ਰਹੇ ਹਨ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਭੁਗਤਾਨ ਅਤੇ ਅਦਾਇਗੀ ਹੋ ਰਹੀ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋ ਰਹੀ ਹੈ ਅਤੇ ਈ-ਕੋਰਟਾਂ ਨਾਲ ਅਦਾਲਤਾਂ ਦਾ ਕੰਮ ਪੇਪਰਲੈੱਸ ਕਰਨ ਦੀ ਦਿਸ਼ਾ 'ਚ ਦੇਸ਼ ਅੱਗੇ ਵੱਧ ਰਿਹਾ ਹੈ।

ਪੰਜਾਬ ਭਾਜਪਾ ਲੀਗਲ ਸੈੱਲ ਦੇ ਇਸ ਪ੍ਰੋਗਰਾਮ 'ਚ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਾਨੂੰਨ ਮੰਤਰੀ ਤੋਂ ਮੰਗ ਕੀਤੀ ਕਿ ਪੁਲਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਕੀਤੀਆਂ ਜਾਣ ਵਾਲੀਆਂ ਗ੍ਰਿਫ਼ਤਾਰੀਆਂ 'ਤੇ ਰੋਕ ਲਾਈ ਜਾਵੇ ਕਿਉਂਕਿ ਸ਼ੁੱਕਰਵਾਰ ਰਾਤ ਨੂੰ ਜੇਕਰ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਦੀ ਸੁਣਵਾਈ ਸੋਮਵਾਰ ਨੂੰ ਹੀ ਹੋਵੇਗੀ। ਇਸ ਨਾਲ ਆਮ ਵਿਅਕਤੀ ਸਹੀ ਮਹਿਸੂਸ ਨਹੀਂ ਕਰਦਾ।


Babita

Content Editor

Related News