ਮੀਤ ਹੇਅਰ ਵੱਲੋਂ ਵਿਕਾਸਮੁਖੀ ਤੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਸ਼ਲਾਘਾ

Tuesday, Mar 05, 2024 - 04:48 PM (IST)

ਮੀਤ ਹੇਅਰ ਵੱਲੋਂ ਵਿਕਾਸਮੁਖੀ ਤੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਸ਼ਲਾਘਾ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਕਾਸਮੁਖੀ ਤੇ ਲੋਕ ਪੱਖੀ ਦੱਸਿਆ। ਮੀਤ ਹੇਅਰ ਨੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇਣ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ। ਇਸ ਬਜਟ ਦੇ ਨਾਲ ਸੂਬੇ ’ਚ ਖੇਡ ਨਰਸਰੀਆਂ ਬਣਾਉਣ ਦੀ ਸ਼ੁਰੂਆਤ ਹੋਵੇਗੀ। ਖੇਡਾਂ ਲਈ ਕੁੱਲ 272 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਕਿ ਸੂਬਾ ਸਰਕਾਰ ਨੇ ਜਿੱਥੇ ਪਿਛਲੇ ਦੋ ਸਾਲਾਂ ’ਚ ਸੂਬੇ ਦੀ ਅਰਥ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਕੰਮ ਕੀਤਾ ਉੱਥੇ ਸਿਹਤ, ਸਿੱਖਿਆ, ਖੇਤੀਬਾੜੀ, ਸੁਚਾਰੂ ਪ੍ਰਸ਼ਾਸਨ, ਖੇਡਾਂ ਆਦਿ ਦੇ ਖੇਤਰ ’ਚ ਇਨਕਲਾਬੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ’ਚ ਖੇਡ ਨਰਸਰੀਆਂ, ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਅਤੇ ਖੇਡ ਯੂਨੀਵਰਸਿਟੀ ਨੂੰ ਤਰਜੀਹ ਦਿੰਦਿਆਂ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਬਣਾਈ ਨਵੀਂ ਖੇਡ ਨੀਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਅੱਜ ਦੇ ਬਜਟ ’ਚ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸੂਬੇ ’ਚ ਕੁੱਲ 1000 ਖੇਡ ਨਰਸਰੀਆਂ ਬਣਾਈਆਂ ਜਾਣੀਆਂ ਹਨ ਅਤੇ ਪ੍ਰਤੀ ਨਰਸਰੀ 60 ਖਿਡਾਰੀਆਂ ਦੇ ਹਿਸਾਬ ਨਾਲ ਕੁੱਲ 60000 ਖਿਡਾਰੀਆਂ ਦੀ ਕੋਚਿੰਗ, ਡਾਈਟ ਅਤੇ ਖੇਡ ਸਮਾਨ ਦਾ ਪ੍ਰਬੰਧ ਸਰਕਾਰ ਕਰੇਗੀ।

ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ’ਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ

ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾਣ ਵਾਲੀਆਂ 250 ਨਰਸਰੀਆਂ ਲਈ ਅੱਜ ਬਜਟ ’ਚ 50 ਕਰੋੜ ਰੁਪਏ ਰੱਖੇ ਗਏ ਹਨ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੀਨੀਅਰ ਤੇ ਜੂਨੀਅਰ ਪੱਧਰ ’ਤੇ ਨੈਸ਼ਨਲ ਮੈਡਲ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 16000 ਰੁਪਏ ਅਤੇ 12000 ਰੁਪਏ ਦੇਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਲਈ ਮੌਜੂਦਾ ਬਜਟ ’ਚ ਫੰਡ ਰੱਖਣ ਨਾਲ ਨਵੇਂ ਵਿੱਤੀ ਸਾਲ ਤੋਂ ਇਹ ਵੱਕਾਰੀ ਸਕੀਮ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਖੇਡ ਸਾਇੰਸ, ਤਕਨਾਲੋਜੀ, ਪ੍ਰਬੰਧਨ ਅਤੇ ਕੋਚਿੰਗ ਖੇਤਰ ’ਚ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਖੇਡ ਯੂਨੀਵਰਸਿਟੀ ਪਟਿਆਲਾ ਲਈ ਉਚੇਚੇ ਤੌਰ ’ਤੇ 34 ਕਰੋੜ ਰੁਪਏ ਰੱਖੇ ਗਏ ਹਨ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ “ਖੇਡਾਂ ਵਤਨ ਪੰਜਾਬ ਦੀਆਂ” ਲਈ ਬਜਟ ’ਚ ਵਿਸ਼ੇਸ਼ ਥਾਂ ਰੱਖੀ ਗਈ ਹੈ। ਬੀਤ ਰਹੇ ਵਿੱਤੀ ਵਰ੍ਹੇ ਦੌਰਾਨ 14,728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਅਤੇ 11 ਉੱਘੇ ਖਿਡਾਰੀਆਂ ਨੂੰ ਪੀ. ਸੀ. ਐੱਸ./ਡੀ.ਐੱਸ.ਪੀ. ਦੀਆਂ ਨੌਕਰੀਆਂ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ : ਮੁਹਾਲੀ ’ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 15 ਰਾਊਂਡ ਹੋਏ ਫਾਇਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News