ਬਠਿੰਡਾ ਜੇਲ੍ਹ ''ਚੋਂ ਲਿਆਂਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਫਗਵਾੜਾ ਦੀ ਅਦਾਲਤ ''ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

03/11/2023 6:47:56 PM

ਫਗਵਾੜਾ (ਜਲੋਟਾ)- ਸਾਲ 2017 ਵਿਚ ਹੁਸ਼ਿਆਰਪੁਰ ਰੋਡ ’ਤੇ ਮੁਹੱਲਾ ਧਰਮਕੋਟ ਨੇੜੇ ਲੁੱਟੀ ਗਈ ਆਈ 20 ਕਾਰ ਦੇ ਦੋਸ਼ ਤਹਿਤ ਬਠਿੰਡਾ ਜੇਲ੍ਹ ਵਿਚ ਬੰਦ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸਖ਼ਤ ਪੁਲਸ ਪ੍ਰਬੰਧਾਂ ਹੇਠ ਫਗਵਾੜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਕੋਰਟ ਕੰਪਲੈਕਸ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਪੁਲਸ ਛਾਉਣੀ ਬਣਿਆ ਰਿਹਾ ਅਤੇ ਐੱਸ. ਪੀ. ਫਗਵਾੜਾ ਮੁਖਤਿਆਰ ਰਾਏ, ਡੀ. ਐੱਸ. ਪੀ. ਫਗਵਾੜਾ ਜਸਪ੍ਰੀਤ ਸਿੰਘ, ਐੱਸ. ਐੱਚ. ਓ. ਸਿਟੀ ਫਗਵਾੜਾ ਅਮਨਦੀਪ ਸਿੰਘ ਨਾਹਰ ਸਮੇਤ ਹੋਰ ਪੁਲਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਡੀ ਗਿਣਤੀ ’ਚ ਪੁਲਸ ਫੋਰਸ ਮੌਕੇ ’ਤੇ ਤਾਇਨਾਤ ਰਹੀ ਹੈ।

ਇਹ ਵੀ ਪੜ੍ਹੋ : NRI ਪ੍ਰਦੀਪ ਸਿੰਘ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਮੁਲਜ਼ਮ ਸਤਬੀਰ ਦੀ ਪਤਨੀ ਨੇ ਨਿਹੰਗ ਸਿੰਘ 'ਤੇ ਲਾਏ ਵੱਡੇ ਦੋਸ਼

‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਮੁਲਜ਼ਮ ਦਿਲਪ੍ਰੀਤ ਬਾਬਾ ਅਤੇ ਉਸ ਦੇ ਗੈਂਗ ਨੇ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਜਿਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤ ਸਭ ਫੜੇ ਜਾਣਗੇ, ਟੌਰ ਨਲ ਛੜਾ, ਗਾਲ ਨਹੀਂ ਕੱਢਣੀ ਆਦਿ ਗਾਏ ਹਨ,  ਉਤੇ ਗੋਲੀ ਚਲਾ ਵੱਡਾ ਜਾਨਲੇਵਾ ਹਮਲਾ ਕੀਤਾ ਸੀ। ਸਾਲ 2017 ’ਚ ਫਗਵਾੜਾ ਥਾਣਾ ਸਿਟੀ ਦੇ ਇਲਾਕੇ ’ਚ ਮੁਹੱਲਾ ਧਰਮਕੋਟ ਨੇੜੇ ਹੁਸ਼ਿਆਰਪੁਰ ਰੋਡ ’ਤੇ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਆਈ-20 ਕਾਰ ਦੀ ਲੁੱਟ ਕੀਤੀ ਸੀ। ਕਾਰ ਦੀ ਲੁੱਟ ਪਿੱਛੇ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਜੀਤਾ ਗੈਂਗ ਦਾ ਹੱਥ ਰਿਹਾ ਸੀ। ਜਦੋਂ ਕਾਰ ਲੁੱਟੀ ਗਈ ਤਾਂ ਉਕਤ ਗਿਰੋਹ ਦੇ ਚਾਰ ਗੈਂਗਸਟਰ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਇਸੇ ਗੈਂਗ ਦੇ ਦਿਲਪ੍ਰੀਤ ਰੋਪੜ, ਹਰਿੰਦਰਾ ਹਿੰਦਾ ਉਰਫ਼ ਆਕਾਸ਼ ਵਾਸੀ ਖੰਡੂਰ ਸਾਹਿਬ, ਜੀਤਾ ਤਲਵੰਡੀ ਸੰਘੇੜਾ ਸ਼ਾਹਕੋਟ ਅਤੇ ਜੱਸੀ ਕਾਹਲਵਾਂ ਵਜੋਂ ਹੋਈ ਸੀ।

ਇਸ ਤੋਂ ਬਾਅਦ ਦਿਲਪ੍ਰੀਤ ਜੀਤਾ ਗੈਂਗ ਵੱਲੋਂ ਫਗਵਾੜਾ ਤੋਂ ਲੁੱਟੀ ਗਈ ਆਈ-20 ਕਾਰ ਦੀ ਵਰਤੋਂ ਜ਼ਿਲ੍ਹਾ ਰੋਪੜ ਦੇ ਕਸਬਾ ਨੂਰਪੁਰਬੇਦੀ ’ਚ ਇਕ ਪਹਿਲਵਾਨ ਦੇਸਰਾਜ ਸਿੰਘ ਨੂੰ ਉਸ ਦੀ ਪਤਨੀ ਅਤੇ ਬੇਟੇ ਦੇ ਸਾਹਮਣੇ ਮਾਰਨ ਲਈ ਕੀਤੀ ਗਈ ਸੀ। ਕਤਲ ਦਾ ਸ਼ਿਕਾਰ ਹੋਇਆ ਪਹਿਲਵਾਨ ਦੇਸਰਾਜ ਸਿੰਘ ਗੈਂਗਸਟਰ ਦਿਲਪ੍ਰੀਤ ਨਾਲ ਕੰਮ ਕਰਦਾ ਰਿਹਾ ਸੀ। ਕੁਝ ਸਾਲ ਪਹਿਲਾਂ ਉਸ ਦਾ ਅਨੰਦਪੁਰ ’ਚ ਮ੍ਰਿਤਕ ਨਾਲ ਝਗੜਾ ਹੋ ਗਿਆ ਸੀ। ਉਦੋਂ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਮ੍ਰਿਤਕ ਨੂੰ ਉਸ ਦੇ ਬੇਟੇ ਦੇ ਸਾਹਮਣੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ ਅਤੇ ਇਸੇ ਤਰ੍ਹਾਂ ਫਗਵਾੜਾ ਵਿਚ ਆਈ-20 ਕਾਰ ਲੁੱਟਣ ਤੋਂ ਬਾਅਦ ਦੋਸ਼ੀ ਗੈਂਗਸਟਰ ਸਵੇਰੇ 3 ਵਜੇ ਮ੍ਰਿਤਕ ਪਹਿਲਵਾਨ ਦੇਸਰਾਜ ਸਿੰਘ ਦੇ ਘਰ ’ਚ ਦਾਖ਼ਲ ਹੋ ਗਿਆ ਅਤੇ ਕਤਲ ਕੀਤਾ। ਦਿਲਪ੍ਰੀਤ ਜੀਤਾ ਪੰਜਾਬ ਵਿਚ ਸਰਗਰਮ ਖ਼ਤਰਨਾਕ ਗੈਂਗ ਰਿਹਾ ਹੈ। ਇਸ ਗਿਰੋਹ ਵਿਚ ਲਗਭਗ 4 ਤੋਂ 5 ਗੈਂਗਸਟਰ ਸ਼ਾਮਲ ਸਨ। ਉਕਤ ਗਿਰੋਹ ਨੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿਚ ਅੱਧੀ ਦਰਜਨ ਦੇ ਕਰੀਬ ਕਤਲਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਦਰਜਨਾਂ ਹੋਰ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ। ਇਨ੍ਹਾਂ ਵਿਚ ਸੁਪਾਰੀ ਕਿਲਿੰਗ, ਹਾਈਵੇਅ ਡਕੈਤੀਆਂ ਅਤੇ ਪੇਸ਼ੇਵਰ ਤਰੀਕੇ ਨਾਲ ਕੀਤੇ ਗਏ ਗੈਂਗਵਾਰ ਆਦਿ ਸ਼ਾਮਲ ਹਨ। ਉਕਤ ਗੈਂਗ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਸੂਬੇ ਦੇ ਕਈ ਥਾਣਿਆਂ ਵਿਚ ਇਸ ਗੈਂਗ ਖ਼ਿਲਾਫ਼ ਕਈ ਪੁਲਸ ਕੇਸ ਦਰਜ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਹੋਲੀ ਦੇ ਦਿਨ ਬੱਚੇ ਨਾਲ ਬਦਫੈਲੀ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਦਿਲਪ੍ਰੀਤ ਸਿੰਘ ਨੂੰ ਪੁਲਸ ’ਤੇ ਹਮਲਾ ਕਰ ਕੇ ਪੁਲਸ ਹਿਰਾਸਤ ’ਚੋਂ ਲੈ ਗਏ ਸਨ ਉਸਦੇ ਸਾਥੀ ਗੈਂਗਸਟਰ
ਗੈਂਗਸਟਰ ਦਿਲਪ੍ਰੀਤ ਸਿੰਘ ਇਕ ਜਾਣਿਆ-ਪਛਾਣਿਆ ਗੈਂਗਸਟਰ ਰਿਹਾ ਹੈ, ਜਿਸ ਨੂੰ ਉਦੋਂ ਕੁਝ ਸਮਾਂ ਪਹਿਲਾਂ ਫਗਵਾੜਾ ਦੇ ਨੇੜੇ ਬਾਲਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਕ ਪੁਲਸ ਪਾਰਟੀ ਤੋਂ ਉਸ ਦੇ ਸਾਥੀ ਗੈਂਗਸਟਰ ਛੁੜਾ ਕੇ ਲੈ ਗਏ ਸਨ ਜਦੋਂ ਉਸ ਨੂੰ ਰੋਪੜ ਜੇਲ੍ਹ ਤੋਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਪੁਲਸ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਬਦੀਲ ਕੀਤਾ ਜਾ ਰਿਹਾ ਸੀ। ਗੈਂਗਸਟਰਾਂ ਦੀ ਪੁਲਸ ਨਾਲ ਹੋਈ ਜ਼ਬਰਦਸਤ ਝੜਪ ਦੌਰਾਨ ਦੋਸ਼ੀ ਗੈਂਗਸਟਰ ਮੌਕੇ ’ਤੇ ਢਾਬੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਕਰਦੇ ਹੋਏ ਪੁਲਸ ਦੇ ਹਥਿਆਰ ਅਤੇ ਡੀ. ਵੀ. ਆਰ. ਵੀ ਲੈ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼, ਜੰਗਲ ’ਚ 13 ਘੰਟੇ ਚੱਲੇ ਆਪ੍ਰੇਸ਼ਨ ਮਗਰੋਂ ਅਸਲੇ ਸਣੇ 3 ਗੈਂਗਸਟਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News