ਇੱਕਾ-ਦੁੱਕਾ ਹਿੰਸਕ ਘਟਨਾਵਾਂ ਤੋਂ ਇਲਾਵਾ ਸ਼ਾਂਤਮਈ ਹੋਏ ਪ੍ਰਦਰਸ਼ਨ

04/03/2018 7:07:33 AM

ਜਲੰਧਰ, (ਰਵਿੰਦਰ, ਅਮਿਤ)— ਭਾਰਤ ਬੰਦ ਦੀ ਕਾਲ ਦੌਰਾਨ ਜ਼ਿਲੇ ਵਿਚ ਪੁਲਸ ਅਤੇ ਪ੍ਰਸ਼ਾਸਨ ਦਰਮਿਆਨ ਪੂਰੀ ਤਰ੍ਹਾਂ ਤਾਲਮੇਲ ਵੇਖਣ ਨੂੰ ਮਿਲਿਆ।  ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ, ਡੀ. ਸੀ. ਵਰਿੰਦਰ ਸ਼ਰਮਾ ਅਤੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਵਲੋਂ ਬਣਾਈ ਗਈ ਪ੍ਰਭਾਵਸ਼ਾਲੀ ਰਣਨੀਤੀ ਦਾ ਹੀ ਅਸਰ ਰਿਹਾ ਕਿ ਜ਼ਿਲੇ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਈ ਤੇ ਜਲੰਧਰ ਪੂਰੀ ਤਰ੍ਹਾਂ ਸ਼ਾਂਤ ਰਿਹਾ। 
ਜ਼ਿਲੇ ਵਿਚ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਿਥੇ 5 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ, ਉਥੇ 5 ਉਪ ਮੰਡਲ ਮੈਜਿਸਟਰੇਟ ਅਤੇ 30 ਐਗਜ਼ੀਕਿਊਟਿਵ ਮੈਜਿਸਟਰੇਟਾਂ ਨੇ ਬੰਦ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਈ ਰੱਖਿਆ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਹੋਵੇ। ਪੁਲਸ ਕਮਿਸ਼ਨਰ, ਡੀ. ਸੀ. ਅਤੇ ਐੱਸ. ਐੱਸ. ਪੀ. ਨੇ ਖੁਦ ਅਮਨ-ਕਾਨੂੰਨ ਦੀ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ। ਇਨ੍ਹਾਂ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਕਿ ਜ਼ਿਲੇ ਵਿਚ ਅਮਨ-ਕਾਨੂੰਨ ਦੀ ਸਥਿਤੀ ਹਰ ਹਾਲ ਵਿਚ ਬਰਕਰਾਰ ਰੱਖੀ ਜਾਵੇ। ਇਨ੍ਹਾਂ ਅਧਿਕਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਨਾਲ ਬੈਠਕ ਕਰ ਕੇ ਇਹ ਯਕੀਨੀ ਬਣਾਇਆ ਕਿ ਭਾਰਤ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਹੋਵੇ। ਨਾਲ ਹੀ ਇਨ੍ਹਾਂ ਸੋਮਵਾਰ ਖੁਦ ਮੈਦਾਨ ਵਿਚ ਡਟ ਕੇ ਸਥਿਤੀ ਦਾ ਜਾਇਜ਼ਾ ਲਿਆ।  ਅਧਿਕਾਰੀਆਂ ਨੇ ਰਾਮਾਮੰਡੀ ਚੌਕ, ਡਾ. ਅੰਬੇਡਕਰ ਚੌਕ, ਬੀ. ਐੱਸ. ਐੱਫ. ਚੌਕ, ਮਾਈ ਹੀਰਾਂ ਗੇਟ, ਪੀ. ਏ. ਪੀ. ਚੌਕ, ਭਗਵਾਨ ਵਾਲਮੀਕਿ ਚੌਕ, ਕਪੂਰਥਲਾ ਚੌਕ ਤੇ ਹੋਰ ਥਾਵਾਂ 'ਤੇ ਖੁਦ ਜਾ ਕੇ ਮੌਕੇ 'ਤੇ ਜਾਇਜ਼ਾ ਲਿਆ। ਇਸੇ ਤਰ੍ਹਾਂ ਜਦੋਂ ਰੇਲਵੇ ਸਟੇਸ਼ਨ, ਆਰ. ਐੱਸ. ਐੱਸ. ਦੇ ਦਫਤਰ ਪੀਲੀ ਕੋਠੀ ਅਤੇ ਹੋਰ ਥਾਵਾਂ 'ਤੇ ਧਰਨਿਆਂ ਦੀ ਖਬਰ ਮਿਲੀ ਤਾਂ ਇਹ ਅਧਿਕਾਰੀ ਮੌਕੇ 'ਤੇ ਹੀ ਪਹੁੰਚ ਗਏ ਅਤੇ ਸਥਿਤੀ ਨੂੰ ਸੰਭਾਲ ਲਿਆ।
ਇਸੇ ਤਰ੍ਹਾਂ ਕੁਝ ਸਮੇਂ ਲਈ ਪੁਲਸ ਕੰਟਰੋਲ ਰੂਮ ਵਿਚ ਡੀ. ਸੀ. ਦਫਤਰ ਵਿਚ ਬੈਠ ਕੇ ਵੀ ਇਨ੍ਹਾਂ ਅਧਿਕਾਰੀਆਂ ਨੇ ਪਲ-ਪਲ ਦਾ ਜਾਇਜ਼ਾ ਲਿਆ ਅਤੇ ਯਕੀਨੀ ਬਣਾਇਆ ਕਿ ਅਮਨ-ਕਾਨੂੰਨ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇ। ਇਸ ਮੌਕੇ ਏ. ਡੀ. ਸੀ. ਜਸਵੀਰ ਕੌਰ ਤੇ ਡਾ. ਭੁਪਿੰਦਰਪਾਲ ਸਿੰਘ ਵੀ ਮੌਜੂਦ ਸਨ।
ਰਵਿਦਾਸ ਚੌਕ 'ਚ ਲੱਗਾ ਧਰਨਾ
ਰਵਿਦਾਸ ਚੌਕ ਵਿਚ ਦਲਿਤ ਭਾਈਚਾਰੇ ਵਲੋਂ ਵਿਸ਼ਾਲ ਧਰਨਾ ਲਾਇਆ ਗਿਆ, ਜਿਸ ਵਿਚ ਦੂਰੋਂ-ਦੂਰੋਂ ਆਏ ਹਜ਼ਾਰਾਂ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਲੋਕਾਂ 'ਚ ਕੇਂਦਰ ਸਰਕਾਰ ਖਿਲਾਫ ਭਾਰੀ ਰੋਸ ਦਿਸ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹ ਹੱਕ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਲੋਕਾਂ ਨੇ ਆਪਣੇ ਮੋਬਾਇਲਾਂ ਵਿਚ ਘੰਟਿਆਂ ਪ੍ਰਦਰਸ਼ਨ ਦੀ ਰਿਕਾਰਡਿੰਗ ਕੀਤੀ ਅਤੇ ਮੌਕੇ 'ਤੇ ਲੋਕ ਆਪਸ ਵਿਚ ਇਹ ਕਹਿੰਦੇ ਹੋਏ ਸੁਣੇ ਗਏ ਕਿ ਇੰਟਰਨੈੱਟ ਸੇਵਾ ਬਹਾਲ ਹੋਣ 'ਤੇ ਉਹ ਇਨ੍ਹਾਂ ਰਿਕਾਰਡਿੰਗਾਂ ਨੂੰ ਆਨਲਾਈਨ ਅਪਲੋਡ ਕਰਨਗੇ ਤਾਂ ਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਪੰਜਾਬ ਵਿਚ ਸੁਪਰੀਮ ਕੋਰਟ ਵਲੋਂ ਲਏ ਗਏ ਫੈਸਲੇ 'ਤੇ ਕਿੰਨਾ ਰੋਸ ਪ੍ਰਗਟ ਕੀਤਾ ਗਿਆ।
ਕੈਂਟ ਏਰੀਏ 'ਚ ਹੋਇਆ ਬਵਾਲ
ਬੰਦ ਦੀ ਓਟ ਵਿਚ ਕੈਂਟ ਏਰੀਏ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਖੁੱਲ੍ਹ ਕੇ ਬਵਾਲ ਮਚਾਇਆ ਅਤੇ ਤਾਸ਼ ਖੇਡ ਰਹੇ ਲੋਕਾਂ ਨਾਲ ਭਿੜਨ ਲੱਗੇ। ਨੌਜਵਾਨ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਗਲੀ ਵਿਚ ਕ੍ਰਿਕਟ ਖੇਡ ਰਹੇ ਬੱਚਿਆਂ ਦੇ ਬੈਟ ਵੀ ਤੋੜ ਦਿੱਤੇ। ਇਸ ਦੌਰਾਨ ਭੀੜ ਇਕੱਠੀ ਹੋ ਗਈ, ਜਿਸ ਦੇ ਨਤੀਜੇ ਵਜੋਂ ਤਕਰਾਰ ਦੀ ਸਥਿਤੀ ਬਣ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਹਾਲਾਤ ਨੂੰ ਕਾਬੂ ਕੀਤਾ। 
ਲਹਿਰਾਉਂਦੇ ਰਹੇ ਤਲਵਾਰਾਂ
ਬੰਦ ਦੌਰਾਨ ਵੱਖ-ਵੱਖ ਥਾਵਾਂ 'ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ ਵਿਚ ਘੁੰਮ ਰਹੇ ਕੁਝ ਨੌਜਵਾਨ ਟੋਲੀਆਂ ਬਣਾ ਕੇ ਤਲਵਾਰਾਂ ਲਹਿਰਾਉਂਦੇ ਹੋਏ ਦੇਖੇ ਗਏ। ਇਸਨੂੰ ਦੇਖ ਕੇ ਮਹਾਨਗਰ ਵਿਚ ਡਰ ਦਾ ਮਾਹੌਲ ਬਣਿਆ ਰਿਹਾ। ਮਜਬੂਰੀ ਵਿਚ ਆਪਣੇ ਜ਼ਰੂਰੀ ਕੰਮਾਂ ਲਈ ਨਿਕਲੇ ਲੋਕ ਅਜਿਹਾ ਦੇਖ ਕੇ ਸਹਿਮੇ-ਸਹਿਮੇ ਹੋਏ ਦਿਸੇ। ਪੁਲਸ ਵਾਲੇ ਸਿਰਫ ਮੂਕ ਦਰਸ਼ਕ ਬਣ ਕੇ ਡਿਊਟੀ ਦਿੰਦੇ ਨਜ਼ਰ ਆ ਰਹੇ ਸਨ। ਉਥੇ ਹੀ ਜੀ. ਐੱਸ. ਹਾਂਡਾ ਦਾ ਸ਼ੋਅਰੂਮ ਖੁੱਲ੍ਹਾ ਦੇਖ ਕੇ ਤਲਵਾਰਾਂ ਦੇ ਦਮ 'ਤੇ ਸ਼ੋਅਰੂਮ ਨੂੰ ਬੰਦ ਕਰਵਾਇਆ ਗਿਆ। 
ਰਿਵਾਲਵਰ ਕੱਢ ਸੰਜੀਵ ਬਣੇ ਸਿਟੀ ਸਿੰਘਮ
ਗਾਜ਼ੀ ਗੁੱਲਾ ਚੌਕ 'ਤੇ ਨੌਜਵਾਨਾਂ ਦੀ ਭੀੜ ਬੇਕਾਬੂ ਹੋ ਗਈ ਸੀ ਅਤੇ ਆਉਣ-ਜਾਣ ਵਾਲਿਆਂ  ਦੇ ਵਾਹਨ ਵੀ ਤੋੜੇ-ਭੰਨੇ ਜਾ ਰਹੇ ਸਨ। ਨੌਜਵਾਨ ਕਿਰਪਾਨਾਂ, ਹਾਕੀਆਂ ਤੇ ਬੇਸਬੈਟਾਂ ਨਾਲ ਲੈਸ ਸਨ। ਮੌਕੇ 'ਤੇ ਪੁਲਸ ਮੌਜੂਦ ਸੀ ਪਰ ਭੀੜ ਕਾਬੂ ਵਿਚ ਨਹੀਂ ਆ ਰਹੀ ਸੀ। ਅਜਿਹੀ ਸਥਿਤੀ ਵਿਚ ਥਾਣਾ 8 ਦੀ ਉਪ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਿਟੀ ਸਿੰਘਮ ਦਾ ਰੋਲ ਨਿਭਾਇਆ। ਸੰਜੀਵ ਕੁਮਾਰ ਨੇ ਮੌਕੇ 'ਤੇ ਪਹੁੰਚਦਿਆਂ ਹੀ ਰਿਵਾਲਵਰ ਕੱਢ ਲਈ। ਇਹ ਦੇਖਦਿਆਂ ਹੀ ਨੌਜਵਾਨਾਂ ਦੀ ਭੀੜ ਉਥੋਂ ਰਫੂਚੱਕਰ ਹੋ ਗਈ, ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਟਾਇਰਾਂ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ। ਜੇਕਰ ਏ. ਐੱਸ. ਆਈ. ਸੰਜੀਵ ਕੁਮਾਰ ਹਥਿਆਰ ਫੜ ਕੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਨਾ ਰੋਕਦੇ ਤਾਂ ਉਹ ਕਿਸੇ ਰਾਹਗੀਰ ਨੂੰ ਨੁਕਸਾਨ ਪਹੁੰਚਾ ਸਕਦੇ ਸਨ।


Related News