ਪੁਰਾਤਨ ਚੀਜਾਂ ਸਾਡੇ ਸੱਭਿਆਚਾਰਕ ਵਿਰਸੇ ''ਚੋਂ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ - ਕਸ਼ਮੀਰ ਸਿੰਘ (ਤਸਵੀਰਾਂ)
Thursday, Oct 05, 2017 - 01:36 PM (IST)
ਮਲੋਟ (ਤਰਸੇਮ ਢੱਡੀ)- ਨਿਸ਼ਾਨ ਅਕੈਡਮੀ ਵਿਖੇ ਪੁਰਾਤਨ ਸੱਭਿਆਚਾਰ ਦੇ ਅਮੀਰ ਵਿਰਾਸਤੀ ਖਜ਼ਾਨੇ ਦੀ ਦੋ ਦਿਨਾਂ ਮਿਊਜਿਮ ਪ੍ਰਦਰਸ਼ਨੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਪ੍ਰਦਰਸ਼ਨੀ 'ਚ ਸਾਡੇ ਸੱਭਿਆਚਾਰ ਦੇ ਨਾਲ ਜੁੜੀਆਂ ਪੁਰਾਤਨ ਸਮੇਂ ਦੀਆਂ ਵਸਤਾਂ ਜਿਵੇਂ ਖੇਤੀਬਾੜੀ ਦੇ ਪੁਰਾਣੇ ਔਜ਼ਾਰ ਪਲਟਾਵਾ ਹੱਲ, ਚੰਝੂ ਹੱਲ, ਤਰਪਾਲੀ, ਘਾਹ ਰੋਲਣ ਵਾਲਾ ਜਾਲ, ਪੰਜਾਲੀ, ਨਾਂੜੇ, ਛਿਕਲੇ, ਗਿੱਦੜੀ, ਟਸਕੀ, ਗੰਦਾਲੀ, ਕਮੋਲੀ, ਪੁਰਾਣੇ ਖੂਹ ਦਾ ਸਮਾਨ, ਪੁਰਾਣੀ ਆਟਾ ਚੱਕੀ, ਦੇਸ਼ ਦੀ ਸਭ ਤੋਂ ਪਹਿਲੀ ਸੰਗੀਤ ਸੁਨਣ ਵਾਲੀ ਮਸ਼ੀਨ (ਗ੍ਰਾਮੋਫੋਨ ਮਸ਼ੀਨ) ਜੋ ਕਿ ਪੱਥਰ ਦੇ ਤਵਿਆਂ ਨਾਲ ਚੱਲਦੀ ਸੀ, ਵਰਗੀਆਂ ਪੁਰਾਤਨ ਵਸਤਾਂ ਵਿਖਾਈਆਂ ਗਈਆਂ ਹਨ ।

ਇਸ ਤੋਂ ਇਲਾਵਾ ਪੁਰਾਣੇ ਖਰਖਰੇ, ਊਠ ਵਾਲੀ ਕਾਠੀ, ਤਾਣੀ ਬੁਨਣ ਦਾ ਸਮਾਨ, ਪੁਰਾਣੇ ਬਾਗ ਫੁਲਕਾਰੀਆਂ, ਚਰਖੇ, ਤਾਂਬੇ ਤੇ ਕਾਂਸੀ ਦੇ ਪੁਰਾਣੇ ਬਰਤਨ, ਦੂ ਦਾ ਸੱਭ ਤੋਂ ਪੁਰਾਤਨ ਪਿਤਲ ਦੇ ਰਸੀਵਰ ਵਾਲਾ ਟੈਲੀਫੋਨ, ਪੁਰਾਣਾ ਰੇਡੀਓ, ਪੁਰਾਤਨ ਕਰੰਸੀ ਸਿੱਕੇ, ਨਾਨਕਸ਼ਾਹੀ ਸਿੱਕੇ ਆਦਿ ਦਿਖਾਏ ਗਏ । ਸ. ਹਰਮੀਤ ਸਿੰਘ (ਦੂਹੇਵਾਲਾ) ਨੇ ਇਨ੍ਹਾਂ ਵਿਰਾਸਤੀ ਚੀਜ਼ਾਂ ਬਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦੇ ਕੇ ਪੁਰਾਤਨ ਇਤਿਹਾਸ ਬਾਰੇ ਜਾਣੂ ਕਰਵਾਇਆ। ਸ. ਹਰਮੀਤ ਸਿੰਘ (ਦੂਹੇਵਾਲਾ) ਨੇ ਅਕੈਡਮੀ ਦੇ ਚੈਅਰਮੈਨ ਸ. ਕਸ਼ਮੀਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪੁਰਾਤਨ ਚੀਜਾਂ ਸਾਡੇ ਸੱਭਿਆਚਾਰ 'ਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ।

ਬਲਦਾ ਵਾਲੇ ਗੱਡੇ ਇਨਸਾਨ ਤੇ ਆਵਾਜਾਈ ਦੇ ਸਾਧਨ ਸਨ ਪਰ ਅਜੌਕੇ ਸਮੇਂ 'ਚ ਇਨ੍ਹਾਂ ਦੀ ਥਾਂ ਲਗਜ਼ਰੀ ਗੱਡੀਆਂ ਨੇ ਲੈ ਲਈ ਹੈ। ਬੱਚਿਆਂ ਨੂੰ ਇਸ ਪੁਰਾਤਨ ਵਿਰਸੇ ਨਾਲ ਜੋੜ ਕੇ ਰੱਖਣਾ ਬਹੁਤ ਜਰੂਰੀ ਹੈ ।ਸ. ਕਸ਼ਮੀਰ ਸਿੰਘ ਨੇ ਹਰਮੀਤ ਸਿੰਘ ਦੇ ਇਸ ਉਪਰਾਲੇ ਨਾਲ ਸੰਸਥਾ ਦੇ ਵਿਦਿਆਰਥੀਆਂ ਨੂੰ ਸਾਡੇ ਪੁਰਾਤਨ ਅਤੇ ਅਮੀਰ ਵਿਰਸੇ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਪ੍ਰਦਰਸ਼ਨੀ ਦੀ ਸਮਾਪਤੀ 'ਤੇ ਅਕੈਡਮੀ ਦੇ ਚੇਅਰਮੈਨ ਸ. ਕਸ਼ਮੀਰ ਸਿੰਘ, ਡਾਇਰੈਕਟਰ ਸ. ਇਕਉਂਕਾਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਪਰਮਪਾਲ ਕੌਰ ਵੱਲੋਂ ਹਰਮੀਤ ਸਿੰਘ (ਦੂਹੇਵਾਲਾ) ਨੂੰ ਵਿਸ਼ੇਸ਼ 'ਤੌਰ 'ਤੇ ਸਨਮਾਨਿਤ ਕੀਤਾ ਗਿਆ।
