ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਵੇ : ਨਈਅਰ

Sunday, Jun 10, 2018 - 06:12 AM (IST)

ਅੰਮ੍ਰਿਤਸਰ,  (ਜਸ਼ਨ)-  ਦੇਸ਼ ਵਿਰੁੱਧ ਅਤੇ ਖਾਲਿਸਤਾਨ ਦੇ ਸਮਰਥਨ ’ਚ ਇਕ ਗਰਮਖਿਆਲੀ ਸੰਗਠਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬੀਤੇ ਦਿਨੀਂ ਸ਼ਹਿਰ ’ਚ ਕੱਢੇ ਗਏ ਇਕ ਮਾਰਚ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਦੇ ਮਾਮਲੇ ਨੇ ਹੁਣ ਤੂਲ ਫਡ਼ ਲਿਆ ਹੈ। ਇਸ ਸਬੰਧੀ ਜਿਥੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਸਖਤ ਨੋਟਿਸ ਲਿਆ ਹੈ, ਉਥੇ ਹੀ ਹੁਣ ਇਸ ਸਬੰਧ ਵਿਚ ਸੰਪੂਰਨ ਭਾਰਤੀ ਹਿੰਦੂ ਸ਼ਿਵ ਸੈਨਾ ਨੇ ਵੀ ਵਿਰੋਧ ਜਤਾਇਆ ਹੈ। ਮਾਮਲੇ ਦਾ ਨੋਟਿਸ ਲੈਂਦੇ ਹੋਏ ਉਕਤ ਸੰਗਠਨ ਦੇ ਕੌਮੀ ਚੇਅਰਮੈਨ  ਵਿਪਨ ਨਈਅਰ ਨੇ ਇਕ ਪੱਤਰਕਾਰ ਸੰਮੇਲਨ ਕਰਦਿਅਾਂ ਕਿਹਾ ਕਿ ਦੇਸ਼ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਵੀ ਦੇਸ਼ ਵਿਰੋਧੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਲੱਖ  ਵਾਰ ਸੋਚੇ। ® 
ਨਈਅਰ ਨੇ ਕਿਹਾ ਕਿ ਬੀਤੇ ਦਿਨੀਂ ਗਰਮਖਿਆਲੀ ਸੰਗਠਨ ਵੱਲੋਂ ਕੱਢੇ ਗਏ ਮਾਰਚ ਦੌਰਾਨ ਪੁਲਸ ਕਰਮਚਾਰੀਆਂ ਦੀ ਹਾਜ਼ਰੀ ਵਿਚ ਹੀ ਕਈ ਪ੍ਰਦਰਸ਼ਨਕਾਰੀਆਂ ਨੇ ਸ਼ਰੇਆਮ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ, ਜਿਸ ਨਾਲ ਪੂਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੋ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਪਰ ਇਸ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਨੇ ਹੁਣ ਤੱਕ ਇਸ ਪ੍ਰਤੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਬੀਤੇ ਦਿਨੀਂ 2 ਪਿੰਡਾਂ ਵਿਚ ਵੀ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਵੀ ਲਾਏ ਗਏ ਸਨ, ਉਸ ’ਤੇ ਵੀ ਪੁਲਸ ਨੇ ਆਪਣੀ ਜਾਂਚ ਉਪਰੰਤ ਕੁਝ ਨਹੀਂ ਕੀਤਾ। ਇਨ੍ਹਾਂ ਦੋਵਾਂ ਮਾਮਲਿਆਂ ਕਾਰਨ ਹੁਣ ਫਿਰ ਲੋਕ ਦਹਿਸ਼ਤ ਵਿਚ ਹਨ।
 ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਪੁਲਸ ਪ੍ਰਸ਼ਾਸਨ ਇਨ੍ਹਾਂ ਗਰਮਖਿਆਲੀ ਸੰਗਠਨਾਂ ਅੱਗੇ ਬੇਵੱਸ ਹੈ ਜਾਂ ਫਿਰ ਗੱਲ ਕੁਝ ਹੋਰ ਹੈ? ਕੌਮੀ ਚੇਅਰਮੈਨ ਵਿਪਨ ਨਈਅਰ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਅਤੇ ਅਜਿਹੇ ਦੇਸ਼ ਵਿਰੋਧੀ ਨਾਅਰਿਆਂ ਦਾ ਸ਼ਰੇਆਮ ਲੱਗਣਾ ਸ਼ੁਭ ਸੰਕੇਤ ਨਹੀਂ ਹੈ। ਇਸ ਤੋਂ ਸਾਫ਼ ਹੈ ਕਿ ਕੁਝ ਸ਼ਰਾਰਤੀ ਤੱਤ ਹੁਣ ਵੀ ਸੂਬੇ ਦਾ ਮਾਹੌਲ ਵਿਗਾਡ਼ਨ ਦੀ ਫਿਰਾਕ ਵਿਚ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਸ ਪ੍ਰਸ਼ਾਸਨ ਅਜਿਹੀਅਾਂ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਏ ਤਾਂ ਕਿ ਭਵਿੱਖ ਵਿਚ ਸੂਬੇ ਦਾ ਮਾਹੌਲ ਨਾ ਵਿਗਡ਼ੇ। 
ਇਸ ਮੌਕੇ ਰੋਹਿਤ ਸੈਣੀ, ਰਘੁ ਪੰਡਿਤ, ਰਘੁ ਰਾਜ, ਗੌਰਵ ਅਰੋਡ਼ਾ, ਮੋਹਿਤ ਗੁਲਾਟੀ, ਰਾਜਾ ਬਾਵਾ, ਨਿਸ਼ੂ ਚੋਪਡ਼ਾ, ਸ਼ੰਮੀ, ਨਿਸ਼ੂ ਚੋਪਡ਼ਾ, ਨੀਰਜ ਮਹਾਜਨ, ਮਨੀਸ਼ ਖੰਨਾ, ਰਮਨ ਪੰਡਿਤ ਆਦਿ ਮੌਜੂਦ ਸਨ।  
 


Related News