ਇਕਤਰਫਾ ਤਲਾਕ ਲੈਣ ਤੋਂ ਬਾਅਦ ਪਤੀ ਨੇ ਸਾਂਝੇ ਖਾਤੇ ’ਚੋਂ ਕਢਵਾਏ 12 ਲੱਖ, ਧੋਖਾਦੇਹੀ ਦਾ ਮਾਮਲਾ ਦਰਜ

Wednesday, Oct 09, 2024 - 04:50 AM (IST)

ਇਕਤਰਫਾ ਤਲਾਕ ਲੈਣ ਤੋਂ ਬਾਅਦ ਪਤੀ ਨੇ ਸਾਂਝੇ ਖਾਤੇ ’ਚੋਂ ਕਢਵਾਏ 12 ਲੱਖ, ਧੋਖਾਦੇਹੀ ਦਾ ਮਾਮਲਾ ਦਰਜ

ਜਲੰਧਰ (ਵਰੁਣ) - ਥਾਣਾ ਮਾਡਲ ਟਾਊਨ ਅਧੀਨ ਆਉਂਦੇ ਖੇਤਰ ਦੀ ਰਹਿਣ ਵਾਲੀ ਐੱਨ. ਆਰ. ਆਈ ਔਰਤ ਦੇ ਪਤੀ ਵਲੋਂ ਆਪਣੀ ਪਤਨੀ ਤੋਂ ਇਕਤਰਫ਼ਾ ਤਲਾਕ ਲੈ ਕੇ ਸਾਂਝੇ ਖਾਤੇ ਵਿਚੋਂ 12 ਲੱਖ ਰੁਪਏ ਕਢਵਾਉਣ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਸੀਰਤ ਕੌਰ ਨੇ ਦੋਸ਼ ਲਾਇਆ ਕਿ ਉਸ ਨੇ 2014 ’ਚ ਆਪਣੇ ਪਤੀ ਹਰਪ੍ਰੀਤ ਸਿੰਘ ਨਾਲ ਬੈਂਕ ਵਿਚ ਸਾਂਝਾ ਖਾਤਾ ਖੋਲ੍ਹਵਾ ਕੇ 4 ਲੱਖ ਰੁਪਏ ਦੇ ਡਿਬੈਂਚਰ ਖਰੀਦੇ ਸਨ। 7 ਜੁਲਾਈ 2022 ਨੂੰ ਉਸ ਦੇ ਪਤੀ ਨੇ ਉਸ ਦੀ ਗੈਰ-ਹਾਜ਼ਰੀ ਵਿਚ ਇੱਕਤਰਫਾ ਤਲਾਕ ਲੈ ਲਿਆ।

ਹਰਪ੍ਰੀਤ ਸਿੰਘ ਨੂੰ ਡਿਬੈਂਚਰ ਖਰੀਦਣ ਸਮੇਂ ਮੈਂ ਨੌਮਨੀ ਬਣਾਇਆ ਸੀ। ਜਦੋਂ 4 ਜਨਵਰੀ 2024 ਨੂੰ ਡਿਬੈਂਚਰ ਮਿਚਿਓਰ ਹੋਇਆ ਤਾਂ ਉਨ੍ਹਾਂ ਦੇ ਸਾਂਝੇ ਬੈਂਕ ਖਾਤੇ ਵਿਚ 12 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਹੋ ਗਈ। ਦੋਸ਼ ਹੈ ਕਿ 11 ਜਨਵਰੀ 2024 ਨੂੰ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਧੋਖਾਧੜੀ ਦੀ ਨੀਅਤ ਨਾਲ ਆਰ. ਟੀ. ਜੀ. ਐੱਸ. ਕਰਵਾ ਕੇ ਸਾਂਝੇ ਖਾਤੇ ਵਿਚੋਂ 12 ਲੱਖ 35 ਹਜ਼ਾਰ ਰੁਪਏ ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕਰਵਾ ਲਏ।

ਜਿਵੇਂ ਹੀ ਸੀਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਦੇਸ਼ ਤੋਂ ਪੰਜਾਬ ਪੁਲਸ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਜਾਂਚ ਮਗਰੋਂ ਹਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਾਡਲ ਟਾਊਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


author

Inder Prajapati

Content Editor

Related News