ਅਧਿਆਪਕ ਘਰ ਹੀ ਚੈੱਕ ਕਰਨਗੇ CBSE ਪ੍ਰੀਖਿਆਵਾਂ ਦੀਆਂ 1.50 ਕਰੋੜ ਆਂਸਰ ਸ਼ੀਟਾਂ

05/10/2020 1:45:04 PM

ਲੁਧਿਆਣਾ (ਵਿੱਕੀ) : ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਆਂਸਰ ਸ਼ੀਟਾਂ ਦਾ ਮੁੱਲਾਂਕਣ ਸ਼ੁਰੂ ਕਰਨ ਦੀ ਹਰੀ ਝੰਡੀ ਵੀ ਸੀ. ਬੀ. ਐੱਸ. ਈ. ਨੂੰ ਦੇ ਦਿੱਤੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੀ. ਬੀ. ਐੱਸ. ਈ. ਕਰੀਬ 1.5 ਕਰੋੜ ਆਂਸਰ ਸ਼ੀਟਾਂ ਨੂੰ ਅਧਿਆਪਕਾਂ ਦੇ ਘਰਾਂ ਤੱਕ ਪਹੁੰਚਾ ਕੇ ਮੁੱਲਾਂਕਣ ਦਾ ਕੰਮ ਸ਼ੁਰੂ ਕਰਵਾਏਗੀ।
ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਡਾ. ਨਿਸ਼ੰਕ ਨੇ ਕਿਹਾ ਕਿ 10 ਮਈ ਮਤਲਬ ਐਤਵਾਰ ਤੋਂ ਆਂਸਰ ਸ਼ੀਟਾਂ ਦਾ ਮੁੱਲਾਂਕਣ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਲਾਕ ਡਾਊਨ ਤੋਂ ਪਹਿਲਾਂ ਕਰੀਬ 173 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਸਨ ਅਤੇ ਮੁੱਲਾਂਕਣ ਕੇਂਦਰਾਂ ’ਤੇ ਮੁੱਲਾਂਕਣ ਕਾਰਜ ਚੱਲ ਰਿਹਾ ਸੀ ਪਰ ਲਾਕ ਡਾਊਨ ਕਾਰਨ ਇਸ ਕੰਮ ਨੂੰ ਵਿਚ ਹੀ ਰੋਕ ਦਿੱਤਾ ਗਿਆ ਸੀ। ਹੁਣ ਸਰਕਾਰ ਨੇ ਦੇਸ਼ ਦੇ 3 ਹਜ਼ਾਰ ਸਕੂਲਾਂ ਦੀ ਮੁੱਲਾਂਕਣ ਕੇਂਦਰ ਵਜੋਂ ਨਿਸ਼ਾਨਦੇਹੀ ਕੀਤੀ ਹੈ, ਜਿੱਥੋਂ 173 ਵਿਸ਼ਿਆਂ ਦੀਆਂ ਉੱਤਰ ਪੁਸਤਕਾਂ ਅਧਿਆਪਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ।
ਆਪਣੇ ਵੀਡੀਓ ਸੁਨੇਹੇ ਵਿਚ ਡਾ. ਨਿਸ਼ੰਕ ਨੇ ਕਿਹਾ ਕਿ ਉੱਤਰ ਪੁਸਤਕਾਂ ਨੂੰ ਅਧਿਆਪਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਇਜਾਜ਼ਤ ਗ੍ਰਹਿ ਮੰਤਰੀ ਨੇ ਦੇ ਦਿੱਤੀ ਹੈ। ਹੁਣ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਉਕਤ ਮੁੱਲਾਂਕਣ ਕੇਂਦਰਾਂ ਤੋਂ ਉੱਤਰ ਪੁਸਤਕਾਂ ਉਨ੍ਹਾਂ ਹੀ ਅਧਿਆਪਕਾਂ ਦੇ ਘਰਾਂ ਤੱਕ ਭੇਜੀਆਂ ਜਾਣਗੀਆਂ ਜੋ ਪਹਿਲਾਂ ਹੀ ਸੀ. ਬੀ. ਐੱਸ. ਈ. ਨੇ ਬੋਰਡ ਪ੍ਰੀਖਿਆਵਾਂ ਦੀ ਚੈਕਿੰਗ ਲਈ ਨਿਯੁਕਤ ਕੀਤੇ ਹਨ। ਡਾ. ਨਿਸ਼ੰਕ ਨੇ ਦੱਸਿਆ ਕਿ ਆਉਣ ਵਾਲੇ 50 ਦਿਨਾਂ ਵਿਚ ਉੱਤਰ ਪੁਸਤਕਾਂ ਦੀ ਚੈਕਿੰਗ ਦੇ ਕੰਮ ਨੂੰ ਪੂਰਾ ਕਰਨ ਦਾ ਨਿਸ਼ਾਨਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਕੰਮ ਨੂੰ ਸਹੀ ਸਮੇਂ ’ਤੇ ਪੂਰਾ ਕਰਨ ਦਾ ਮਕਸਦ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਵੀ ਉਚਿਤ ਸਮੇਂ ’ਤੇ ਐਲਾਨਣਾ ਹੈ।
 


Babita

Content Editor

Related News