ਸ਼ੰਭੂ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਗਈ ਜਾਨ, ਹੁਣ ਤਕ 20 ਕਿਸਾਨ ਹੋ ਚੁੱਕੇ ਨੇ ਸ਼ਹੀਦ
Wednesday, May 08, 2024 - 10:53 AM (IST)
ਪਟਿਆਲਾ/ਬਨੂੜ/ਸ਼ਾਹਬਾਜ਼ਪੁਰ (ਮਨਦੀਪ ਜੋਸਨ, ਗੁਰਪਾਲ, ਜ.ਬ.)- ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ 2 ਦੇ ਅੱਜ ਜਿੱਥੇ 84 ਦਿਨ ਪੂਰੇ ਹੋਏ ਹਨ, ਉੱਥੇ ਕਿਸਾਨਾਂ ਦੀ ਰਿਹਾਈ ਲਈ ਸ਼ੰਭੂ ਰੇਲਵੇ ਟ੍ਰੈਕ ’ਤੇ ਲਗਾਇਆ ਜਾ ਰਿਹਾ ਮੋਰਚਾ 21ਵੇਂ ਦਿਨ ’ਚ ਪੁੱਜ ਚੁੱਕਾ ਹੈ। ਅੱਜ ਕਿਸਾਨ ਅੰਦੋਲਨ ਦੌਰਾਨ ਸਵੇਰੇ ਜਸਵੰਤ ਸਿੰਘ ਪੁੱਤਰ ਗੁਰਦੀਪ ਸਿੰਘ (70) ਪਿੰਡ ਸ਼ਾਹਬਾਜ਼ਪੁਰ ਤਹਿਸੀਲ ਤੇ ਜ਼ਿਲਾ ਤਰਨ ਤਾਰਨ ਸ਼ੰਭੂ ਮੋਰਚੇ ’ਤੇ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜ਼ਿੰਦਗੀ ਕਿਸਾਨੀ ਕੌਮ ਦੇ ਨਾਂ ਲਵਾ ਗਿਆ, ਜਿਸ ਕਾਰਨ ਸ਼ਹੀਦ ਹੋਏ ਕਿਸਾਨਾਂ ਦੀ ਗਿਣਤੀ ਹੁਣ 20 ਤੱਕ ਪੁੱਜ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਭਾਜਪਾ ਵਰਕਰਾਂ 'ਚ ਜੋਸ਼ ਭਰਨ ਚੰਡੀਗੜ੍ਹ ਆਉਣਗੇ ਕੌਮੀ ਪ੍ਰਧਾਨ JP ਨੱਡਾ, ਪ੍ਰੋਗਰਾਮ ਹੋਇਆ ਜਾਰੀ
ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸ. ਕੇ. ਐੱਮ. (ਗੈਰ-ਸਿਆਸੀ) ਨੇ ਆਖਿਆ ਕਿ ਹਰਿਆਣਾ ਸਰਕਾਰ ਵੱਲੋਂ ਫੜੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਜੋ ਕਿ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਹੈ, ਨੂੰ ਅੱਜ 21ਵਾਂ ਦਿਨ ਹੈ, ਜਿਥੇ ਹਰਿਆਣਾ ਦੀ ਭਾਜਪਾ ਸਰਕਾਰ ਆਪਣੀਆਂ ਜਬਰ ਤੇ ਜੁਲਮ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ, ਉੱਥੇ ਹੀ ਕਿਸਾਨ ਵਧ ਰਹੀ ਗਰਮੀ ’ਚ ਵੀ ਬੁਲੰਦ ਹੌਸਲੇ ਅਤੇ ਚੜ੍ਹਦੀ ਕਲਾ ’ਚ ਹਨ। ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਅੰਦੋਲਨ ਦੇ ਮੰਚ ਤੋਂ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੇ ਤਿੰਨੋਂ ਸਾਥੀਆਂ ਨੂੰ ਸਰਕਾਰ ਛੱਡਦੀ ਨਹੀਂ, ਉਦੋਂ ਤੱਕ ਕਿਸਾਨ ਰੇਲਵੇ ਟ੍ਰੈਕ ’ਤੇ ਬੈਠੇ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਈ ਵੈਕਸੀਨ
ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦ ਕਿਸਾਨ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੂਰੇ ਰੀਤੀ-ਰਿਵਾਜ਼ਾਂ ਅਤੇ ਸਤਿਕਾਰ ਨਾਲ ਸ਼ੰਭੂ ਤੋਂ ਉਨ੍ਹਾਂ ਦੇ ਜੱਦੀ ਪਿੰਡ ਸ਼ਾਹਬਾਜ਼ਪੁਰ ਜ਼ਿਲਾ ਤਰਨ ਤਾਰਨ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਦਿਲਬਾਗ ਸਿੰਘ ਹਰੀਗੜ੍ਹ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8