ਨਸ਼ੇ ਨੇ ਨਿਗਲੀ ਇਕ ਹੋਰ ਜ਼ਿੰਦਗੀ (ਵੀਡੀਓ)

Friday, Jun 08, 2018 - 12:18 PM (IST)

ਗੋਇੰਦਵਾਲ ਸਾਹਿਬ/ਤਰਨਤਾਰਨ, (ਪੰਛੀ, ਰਮਨ, ਰਾਜੂ)- ਇਕ ਨੌਜਵਾਨ ਸੁਖਜਿੰਦਰ ਸਿੰਘ ਉਰਫ ਕਾਲਾ ਪੁੱਤਰ ਜਗਤਾਰ ਸਿੰਘ ਵਾਸੀ ਫਤਿਆਬਾਦ ਨਸ਼ੇ ਦੀ ਭੇਟ ਚੜ੍ਹ ਗਿਆ। ਇਹ ਨਸ਼ਿਆਂ ਦਾ ਕਾਰੋਬਾਰ ਕਾਫੀ ਲੰਬੇ ਸਮੇਂ ਤੋਂ ਗੋਇੰਦਵਾਲ ਸਾਹਿਬ ਨਿੰਮ ਵਾਲੀ ਘਾਟੀ 'ਤੇ ਚੱਲ ਰਿਹਾ ਹੈ ਜੋ ਅਖਬਾਰਾਂ ਦੀ ਚਰਚਾ ਬਣਿਆ ਹੋਇਆ ਹੈ।
 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਜਸਪਾਲ ਸਿੰਘ ਢਿੱਲੋਂ ਤੇ ਬਲਦੇਵ ਸਿੰਘ ਪੰਡੋਰੀ ਨੇ ਦੋਸ਼ ਲਾਇਆ ਕਿ ਥਾਣਾ ਗੋਇੰਦਵਾਲ ਸਾਹਿਬ ਤੇ ਥਾਣਾ ਚੋਹਲਾ ਸਾਹਿਬ ਦੀ ਪੁਲਸ ਦੀ ਮਿਲੀਭੁਗਤ ਨਾਲ ਨਸ਼ਿਆਂ ਦੇ ਅੱਡੇ ਚੱਲ ਰਹੇ ਹਨ ਤੇ ਪੁਲਸ ਪੈਸੇ ਲੈ ਕੇ ਨਸ਼ਾ ਵਿਕਾ ਰਹੀ ਹੈ। ਅੱਜ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਲਾ ਦੀ ਲਾਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਐੱਸ. ਐੱਸ. ਪੀ. ਦਫਤਰ ਮੂਹਰੇ ਰੱਖ ਕੇ ਧਰਨਾ ਦਿੱਤਾ ਤੇ ਪੁਲਸ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਲੱਖਣ ਸਿੰਘ ਤੁੜ, ਜਮੂਹਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਲੱਖਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ ਤੇ ਜਰਨੈਲ ਸਿੰਘ ਰਸੂਲਪੁਰ ਨੇ ਕੀਤੀ।  ਉਕਤ ਆਗੂਆਂ ਨੇ ਨਸ਼ੇ ਵੇਚਣ ਵਾਲਿਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਤੇ ਥਾਣਾ ਮੁਖੀ ਨੂੰ ਫੌਰੀ ਸਸਪੈਂਡ ਕਰਨ ਦੀ ਵੀ ਮੰਗ ਕੀਤੀ। ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਤਿਲਕ ਰਾਜ ਤੇ ਡੀ. ਐੱਸ. ਪੀ. ਪੱਟੀ ਸੋਹਣ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਦਿਲਬਾਗ ਸਿੰਘ, ਰਾਜੂ ਭਲਵਾਨ, ਦਲਬੀਰ ਸਿੰਘ ਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।


Related News