ਇਕ ਠੱਗ ਅਜਿਹਾ ਵੀ ; ''ਇਕ ਮਹੀਨੇ 'ਚ ਪੈਸੇ ਦੁੱਗਣੇ, ਨਹੀਂ ਤਾਂ ਫਲੈਟ ਕਰ ਦੇਵਾਂਗੇ ਤੇਰੇ ਨਾਂ...''
Friday, Nov 29, 2024 - 06:04 AM (IST)
ਖਰੜ (ਰਣਬੀਰ) : ਇਕ ਜਾਅਲਸਾਜ਼ ਬ੍ਰੋਕਰ ਤੇ ਬਿਲਡਰ ਨੇ ਫਲੈਟ ਨਾਲ ਸਬੰਧਤ ਸੌਦੇ ’ਚ ਇਕ ਮਹੀਨੇ ਅੰਦਰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਮੋਹਾਲੀ ਫੇਜ਼-9 ਦੇ ਵਿਅਕਤੀ ਨਾਲ 32 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ’ਚ ਸਿਟੀ ਪੁਲਸ ਨੇ ਦੋਵੇਂ ਮੁਲਜ਼ਮਾਂ ’ਤੇ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਵਿਵੇਕ ਸਿੰਘ ਤੇ ਬਿਲਡਰ ਅਮਿਤ ਕੁਮਾਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਬਿਲਡਰ ਅਮਿਤ ਕੁਮਾਰ ’ਤੇ ਪਹਿਲਾਂ ਹੀ ਪ੍ਰਾਪਰਟੀ ਸਬੰਧੀ ਠੱਗੀ ਦੇ ਕਈ ਮਾਮਲੇ ਦਰਜ ਹਨ ਤੇ ਉਹ ਜੇਲ੍ਹ ’ਚ ਬੰਦ ਹੈ।
ਪੈਸੇ ਨਾ ਦੇ ਪਾਉਣ ’ਤੇ ਫਲੈਟ ਦੀ ਰਜਿਸਟਰੀ ਕਰਵਾਉਣ ਦਾ ਦਿੱਤਾ ਸੀ ਝਾਂਸਾ
ਪ੍ਰਿੰਸ ਤੜਿਆਲ ਨੇ ਐੱਸ.ਐੱਸ.ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਪ੍ਰਾਪਰਟੀ ਡੀਲਰ ਵਿਵੇਕ ਸਿੰਘ ਰਾਹੀਂ ਕੁਝ ਸਮਾਂ ਪਹਿਲਾਂ ਗੋਵਿੰਦ ਵਿਹਾਰ ਸੈਕਟਰ-115 ਪਿੰਡ ਖ਼ੂਨੀਮਾਜਰਾ ਨੇੜੇ ਪਲਾਟ ਨੰਬਰ 110 ਖ਼ਰੀਦਿਆ ਸੀ। ਉਸ ਦੀ ਵਿਵੇਕ ਨਾਲ ਜਾਣ-ਪਛਾਣ ਹੋਣ ਦੇ ਨਾਲ-ਨਾਲ ਭਰੋਸਾ ਵੀ ਬਣ ਗਿਆ ਸੀ। ਵਿਵੇਕ ਨੇ ਉਸ ਨੂੰ ਦੱਸਿਆ ਕਿ ਖ਼ੂਨੀਮਾਜਰਾ ’ਚ ਜੀ.ਐੱਲ.ਡੀ. ਗੁੰਜਨ ਲੈਂਡ ਡਿਵੈੱਲਪਰ ਨਾਂ ਦੇ ਹਾਊਸਿੰਗ ਪ੍ਰਾਜੈਕਟ ਤਹਿਤ ਨਵੀਂ ਇਮਾਰਤ ਬਣ ਰਹੀ ਹੈ। ਇਸ ’ਚ ਫਲੈਟ ’ਤੇ 40 ਲੱਖ ਰੁਪਏ ਨਿਵੇਸ਼ ਕਰਨ ’ਤੇ ਉਹ ਉਸ ਨੂੰ ਇਕ ਮਹੀਨੇ ’ਚ ਪੈਸੇ ਦੁੱਗਣੇ ਕਰ ਕੇ 80 ਲੱਖ ਰੁਪਏ ਦੇ ਸਕਦਾ ਹੈ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਸ਼ਿਕਾਇਤਕਰਤਾ ਨੇ ਉਸ ਨੂੰ ਫਲੈਟ ਵਿਖਾਉਣ ਲਈ ਕਿਹਾ। ਇਸ ਦੌਰਾਨ ਉਸ ਨੂੰ ਫਲੈਟ ਪਸੰਦ ਆ ਗਿਆ। ਇਸੇ ਦੌਰਾਨ ਵਿਵੇਕ ਨੇ ਉਸ ਦੀ ਮੁਲਾਕਾਤ ਬਿਲਡਰ ਅਮਿਤ ਕੁਮਾਰ ਨਾਲ ਕਰਵਾਈ। ਸੌਦਾ ਪੱਕਾ ਹੋਣ ’ਤੇ ਵਿਵੇਕ ਨੇ ਯਕੀਨ ਦਿਵਾਇਆ ਕਿ ਜੇਕਰ ਉਹ ਪੈਸੇ ਦੁੱਗਣੇ ਕਰ ਕੇ ਨਹੀਂ ਦੇ ਸਕਿਆ ਤਾਂ ਫਲੈਟ ਦੀ ਰਜਿਸਟਰੀ ਉਸ ਦੇ ਨਾਮ ’ਤੇ ਕਰਵਾ ਦੇਵੇਗਾ।
ਪ੍ਰਿੰਸ ਨੇ ਉਸ ਨੂੰ ਵੱਖ-ਵੱਖ ਸਮੇਂ ’ਤੇ ਆਨਲਾਈਨ ਟ੍ਰਾਂਸਫਰ ਰਾਹੀਂ ਕੁੱਲ 31.60 ਲੱਖ ਰੁਪਏ ਦੇ ਦਿੱਤੇ। ਇਕ ਮਹੀਨਾ ਲੰਘਣ ’ਤੇ ਜਦ ਪ੍ਰਿੰਸ ਨੇ ਆਪਣੇ ਪੈਸੇ ਮੰਗੇ ਤਾਂ ਮੁਲਜ਼ਮ ਨੇ ਕਿਹਾ ਕਿ ਉਹ ਉਸ ਦੇ ਨਾਂ ’ਤੇ ਫਲੈਟ ਦੀ ਰਜਿਸਟਰੀ ਕਰਵਾ ਦੇਵੇਗਾ। ਇਸ ਦੌਰਾਨ ਪ੍ਰਿੰਸ ਨੇ ਜਦ ਨਿੱਜੀ ਤੌਰ ’ਤੇ ਮੌਕੇ ’ਤੇ ਜਾ ਕੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਬਿਲਡਰ ਅਮਿਤ ਗੁਪਤਾ ਨੇ ਨਿਵੇਸ਼ ਦੇ ਨਾਂ ’ਤੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਜਦ ਉਸ ਨੇ ਰਜਿਸਟਰੀ ਲਈ ਜ਼ੋਰ ਪਾਇਆ ਤਾਂ ਮੁਲਜ਼ਮਾਂ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e