ਅਨੂਪ ਨੇ ਕਰੋੜਾਂ ਦਾ ਬੀਮਾ ਕਲੇਮ ਲੈਣ ਲਈ ਭਿਖਾਰੀ ਨੂੰ ਕਤਲ ਕਰ ਕੇ ਸੀ ਸਾੜਿਆ
Friday, Dec 06, 2019 - 10:13 PM (IST)
ਤਰਨਤਾਰਨ (ਰਮਨ, ਸੋਢੀ)-ਵੀਰਵਾਰ ਦੀ ਰਾਤ ਜ਼ਿਲਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨਜ਼ਦੀਕ ਇਕ ਵਿਅਕਤੀ ਦੀ ਸਡ਼ੀ ਹੋਈ ਲਾਸ਼ ਮਿਲਣ ਤੋਂ ਬਾਅਦ ਜ਼ਿਲਾ ਪੁਲਸ ਵਲੋਂ ਕੀਤੀ ਜਾ ਰਹੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ (ਅਨੂਪ ਸਿੰਘ) ਵਿਅਕਤੀ ਦੀ ਥਾਂ ਕਿਸੇ ਹੋਰ ਵਿਅਕਤੀ ਦੀ ਲਾਸ਼ ਨੂੰ ਵਿਖਾਉਂਦੇ ਹੋਏ ਅਨੂਪ ਸਿੰਘ ਵੱਲੋਂ ਕਰੋਡ਼ਾਂ ਰੁਪਏ ਦਾ ਬੀਮਾ ਹਾਸਲ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਗਈ ਸੀ। ਇਸ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਪੁਲਸ ਵੱਲੋਂ ਅਨੂਪ ਸਿੰਘ ਦੀ ਮਾਂ ਅਤੇ ਉਸ ਦੇ ਛੋਟੇ ਭਰਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਝਬਾਲ ਰੋਡ ਅੰਮ੍ਰਿਤਸਰ ਜੋ ਕੋਲਡ ਡਰਿੰਕ ਦਾ ਹੋਲਸੇਲਰ ਸੀ। ਜ਼ਿਲਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨਜ਼ਦੀਕ ਇਕ ਵਿਅਕਤੀ ਦੀ ਸਡ਼ੀ ਹੋਈ ਲਾਸ਼ ਮਿਲੀ ਸੀ। ਇਸ ਲਾਸ਼ ਦੇ ਕੋਲ ਅਨੂਪ ਸਿੰਘ ਦੀ ਕਾਰ ਖਡ਼੍ਹੀ ਹੋਈ ਮਿਲਣ ਤੋਂ ਬਾਅਦ ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ।
ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਅਨੂਪ ਸਿੰਘ ਨੇ ਆਪਣਾ ਕਰੋਡ਼ਾਂ ਰੁਪਏ ਦਾ ਇਕ ਬੀਮਾ ਹਾਲ ’ਚ ਹੀ ਕਰਵਾਇਆ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਇਸ ਇੰਸ਼ੋਰੈਂਸ ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰਨ ’ਤੇ ਇਹ ਗੱਲ ਸਾਫ ਹੋਣ ’ਤੇ ਪਤਾ ਲੱਗਾ ਕੀ ਅਨੂਪ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਕਰੋਡ਼ਾਂ ਰੁਪਏ ਦੀ ਬੀਮਾ ਰਾਸ਼ੀ ਹਾਸਲ ਕਰਨ ਲਈ ਇਕ ਸਾਜ਼ਿਸ਼ ਰਚੀ ਗਈ, ਜਿਸ ਤਹਿਤ ਅਨੂਪ ਸਿੰਘ ਨੇ ਅੰਮ੍ਰਿਤਸਰ ਦੇ ਇਕ ਭਿਖਾਰੀ ਨੂੰ ਅਗਵਾ ਕਰਦੇ ਹੋਏ ਪਹਿਲਾਂ ਉਸ ਨੂੰ ਸ਼ਰਾਬ ਪਿਲਾਈ ਤੇ ਫਿਰ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ ਕਿਰਤੋਵਾਲ ਨਜ਼ਦੀਕ ਅੱਗ ਲਾ ਦਿੱਤੀ ਤਾਂ ਜੋ ਇੰਸ਼ੋਰੈਂਸ ਕੰਪਨੀ ਨੂੰ ਇਹ ਲੱਗੇ ਕੀ ਮ੍ਰਿਤਕ ਅਨੂਪ ਸਿੰਘ ਹੀ ਹੈ ਅਤੇ ਉਸ ਦੇ ਪਰਿਵਾਰ ਨੂੰ ਕਰੋਡ਼ਾਂ ਰੁਪਏ ਦੀ ਰਾਸ਼ੀ ਮਿਲ ਸਕੇ।
ਐੱਸ.ਐੱਸ.ਪੀ. ਧਰੁਵ ਦਹੀਆਂ ਦੇ ਹੁਕਮਾਂ ਹੇਠ ਬਣਾਈ ਗਈ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਐੱਸ.ਪੀ. ਜਗਜੀਤ ਸਿੰਘ ਵਾਲੀਆ ਕਰ ਰਹੇ ਸਨ ਅਤੇ ਟੀਮ ’ਚ ਸ਼ਾਮਲ ਡੀ.ਐੱਸ.ਪੀ. ਪੱਟੀ ਕੰਵਲਪ੍ਰੀਤ ਸਿੰਘ, ਥਾਣਾ ਹਰੀਕੇ ਪੱਤਣ ਦੇ ਮੁਖੀ ਜਰਨੈਲ ਸਿੰਘ ਵੱਲੋਂ ਤਫਤੀਸ਼ ਕਰਨ ਤੇ ਇੰਸ਼ੋਰੈਂਸ ਦਾ ਮਾਮਲਾ ਸਾਹਮਣੇ ਆਉਣ ’ਤੇ ਸਾਰਾ ਭੇਦ ਖੁੱਲ੍ਹ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਅਨੂਪ ਸਿੰਘ ਕਿਸੇ ਤਰ੍ਹਾਂ ਹਰਿਆਣਾ ਲਈ ਰਵਾਨਾ ਹੋ ਗਿਆ ਅਤੇ ਉਸ ਦਾ ਭਰਾ ਕਰਨਦੀਪ ਸਿੰਘ ਆਪਣੇ ਘਰ ਅੰਮ੍ਰਿਤਸਰ ਵਾਪਸ ਪਰਤ ਗਿਆ। ਅਗਲੇ ਦਿਨ ਘਟਨਾ ਦਾ ਪਤਾ ਲੱਗਣ ’ਤੇ ਕਰਨਦੀਪ ਸਿੰਘ ਅਤੇ ਉਸ ਦਾ ਪਿਤਾ ਥਾਣਾ ਹਰੀਕੇ ਪੱਤਣ ਵਿਖੇ ਮਗਰਮੱਛ ਦੇ ਅੱਥਰੂ ਵਹਾਉਂਦੇ ਹੋਏ ਪੁੱਜੇ ਅਤੇ ਝੂਠਾ ਰੋਣਾ-ਧੋਣਾ ਸ਼ੁਰੂ ਕਰ ਦਿੱਤਾ।
10 ਦਿਨ ਪਹਿਲਾਂ ਰਚੀ ਸੀ ਸਾਜ਼ਿਸ਼
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਨੂਪ ਸਿੰਘ ਵੱਲੋਂ ਇਹ ਤਰਕੀਬ 10 ਦਿਨ ਪਹਿਲਾਂ ਰਚਣੀ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਉਸ ਨੇ ਇਕ ਭਿਖਾਰੀ ਨਾਲ ਦੋਸਤੀ ਕਰਨੀ ਸ਼ੁਰੂ ਕੀਤੀ ਅਤੇ ਉਸ ਨਾਲ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤਾਂ ਜੋ ਉਸ ਨੂੰ ਸਮਾਂ ਆਉਣ ’ਤੇ ਬਲੀ ਦਾ ਬੱਕਰਾ ਬਣਾਇਆ ਜਾ ਸਕੇ। ਪੁਲਸ ਨੇ ਕੀਤੀ ਜਾ ਰਹੀ ਛਾਪੇਮਾਰੀ ਤਹਿਤ ਕਰਨਦੀਪ ਸਿੰਘ ਅਤੇ ਉਸ ਦੇ ਪਿਤਾ ਤਰਲੋਕ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਪੁਲਸ ਪਾਰਟੀ ਹਰਿਆਣਾ ਸਟੇਟ ਵਿਚ ਅਨੂਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਹੋ ਚੁੱਕੀ ਹੈ।
ਜਲਦ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ
ਐੱਸ. ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਪੁਲਸ ਵੱਲੋਂ ਹੱਲ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਜਲਦ ਐੱਸ.ਐੱਸ.ਪੀ. ਧਰੁਵ ਦਹੀਆ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।