ਫੱਕਰ ਬਾਬਾ ਦਾਮੂੰਸ਼ਾਹ ਯਾਦਗਾਰੀ 36ਵੇਂ ਸਾਲਾਨਾ ਖੇਡ ਮੇਲੇ ''ਤੇ ਹੋਏ ਮੁਕਾਬਲੇ
Monday, Mar 12, 2018 - 07:59 AM (IST)
ਮੋਗਾ (ਗਰੋਵਰ, ਗੋਪੀ) - ਪਿੰਡ ਲੋਹਾਰਾ ਵਿਖੇ ਫੱਕਰ ਬਾਬਾ ਦਾਮੂੰਸ਼ਾਹ ਯਾਦਗਾਰੀ 36ਵੇਂ ਸਾਲਾਨਾ ਖੇਡ ਮੇਲੇ 'ਤੇ ਅੱਜ ਕਬੱਡੀ 58 ਤੇ 75 ਕਿਲੋ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ। ਫੱਕਰ ਬਾਬਾ ਦਾਮੂੰ ਸ਼ਾਹ ਜੀ ਪ੍ਰਬੰਧਕ ਕਮੇਟੀ ਦੇ ਰਿਸੀਵਰ ਅਤੇ ਐੱਸ. ਡੀ. ਐੱਮ. ਧਰਮਕੋਟ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ 12 ਮਾਰਚ ਨੂੰ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ, ਜਦਕਿ 13 ਮਾਰਚ ਨੂੰ ਕਬੱਡੀ ਆਲ ਓਪਨ ਦੀਆਂ ਟੀਮਾਂ ਦੇ ਫਸਵੇਂ ਭੇੜ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਅੱਵਲ ਰਹਿਣ ਵਾਲੇ ਕਬੱਡੀ ਆਲ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਦਾ ਸਵਰਾਜ ਟਰੈਕਟਰਾਂ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਕਿਹਾ ਕਿ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਸਾਰੇ ਬਣਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਖੇਡ ਸਟੇਡੀਅਮ 'ਚ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਸੁਰਜੀਤ ਭੁੱਲਰ, ਲਖਵਿੰਦਰ ਵਡਾਲੀ, ਸੁਨੰਦਾ ਸ਼ਰਮਾ, ਆਤਮਾ ਬੁੱਢੇਵਾਲੀਆ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ।
ਇਸ ਮੌਕੇ ਨੌਜਵਾਨ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ, ਡੀ. ਐੱਸ. ਪੀ. ਧਰਮਕੋਟ ਅਜੇਰਾਜ ਸਿੰਘ, ਥਾਣਾ ਮੁਖੀ ਭੁਪਿੰਦਰ ਸਿੰਘ ਕੋਟ ਈਸੇ ਖਾਂ, ਰਮੇਸ਼ ਕੁਮਾਰ ਤਹਿਸੀਲਦਾਰ ਧਰਮਕੋਟ, ਪ੍ਰਸ਼ੋਤਮ ਲਾਲ ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫਸਰ ਦਵਿੰਦਰ ਤੂਰ, ਸੋਢੀ ਰਾਮ ਐੱਸ. ਡੀ. ਓ., ਅਮਨਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
